ਕੈਨੇਡਾ: ਟੋਰਾਂਟੋ ’ਚ ਮਹਿਲਾ ਨਾਲ ਜਿਨਸੀ ਛੇੜਛਾੜ ਦੇ ਦੋਸ਼ ਹੇਠ ਪੰਜਾਬੀ ਮੂਲ ਦਾ 32 ਸਾਲਾ ਵਿਅਕਤੀ ਗ੍ਰਿਫ਼ਤਾਰ
ਕੈਨੇਡਾ ਦੇ ਟੋਰਾਂਟੋ ਵਿੱਚ ਰਾਈਡ-ਸ਼ੇਅਰਿੰਗ ਗੱਡੀ ਵਿੱਚ ਸਵਾਰ ਇੱਕ ਮਹਿਲਾ ਨਾਲ ਜਿਨਸੀ ਛੇੜਛਾੜ ਕਰਨ ਅਤੇ ਉਸ ਨੂੰ ਗੱਡੀ ਵਿੱਚੋਂ ਬਾਹਰ ਜਾਣ ਤੋਂ ਰੋਕਣ ਦੇ ਦੋਸ਼ ਹੇਠ ਪੰਜਾਬੀ ਮੂਲ ਦੇ 32 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਬਰੈਂਪਟਨ ਨਿਵਾਸੀ ਸਾਹਿਬ ਬਰਾੜ ਵਜੋਂ ਹੋਈ ਹੈ। ਪੁਲੀਸ ਨੂੰ ਇਸ ਮਾਮਲੇ ਵਿੱਚ ਹੋਰ ਪੀੜਤਾਂ ਦੇ ਹੋਣ ਦਾ ਵੀ ਖ਼ਦਸ਼ਾ ਹੈ।
ਟੋਰਾਂਟੋ ਪੁਲੀਸ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ, 31 ਅਕਤੂਬਰ 2026 ਨੂੰ ਰਾਤ ਲਗਪਗ 9:50 ਵਜੇ ਯੋਂਗ ਸਟਰੀਟ ਅਤੇ ਵੈਲੇਸਲੇ ਸਟਰੀਟ ਈਸਟ ਦੇ ਇਲਾਕੇ ਵਿੱਚ ਵਾਪਰੀ।
ਪੁਲੀਸ ਅਨੁਸਾਰ ਪੀੜਤ ਮਹਿਲਾ ਇੱਕ ਰਾਈਡ-ਸ਼ੇਅਰਿੰਗ ਗੱਡੀ ਵਿੱਚ ਅਗਲੀ ਸੀਟ ’ਤੇ ਬੈਠੀ ਸੀ। ਇਸ ਦੌਰਾਨ ਡਰਾਈਵਰ ਨੇ ਕਥਿਤ ਤੌਰ ’ਤੇ ਉਸ ਨਾਲ ਜਿਨਸੀ ਛੇੜਛਾੜ ਕੀਤੀ।
ਗੱਡੀ ਵਿੱਚੋਂ ਬਾਹਰ ਨਿਕਲਣ ਤੋਂ ਰੋਕਣ ਦਾ ਵੀ ਦੋਸ਼
ਜਦੋਂ ਗੱਡੀ ਆਪਣੀ ਮੰਜ਼ਿਲ ’ਤੇ ਪਹੁੰਚੀ ਤਾਂ ਮਹਿਲਾ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ ਹੈ ਕਿ ਡਰਾਈਵਰ ਨੇ ਉਸ ਨੂੰ ਜਾਣ ਤੋਂ ਰੋਕ ਲਿਆ ਅਤੇ ਮੁੜ ਉਸ ਨਾਲ ਜਿਨਸੀ ਛੇੜਛਾੜ ਕੀਤੀ।
ਇਸ ਤੋਂ ਬਾਅਦ ਮਹਿਲਾ ਕਿਸੇ ਤਰ੍ਹਾਂ ਗੱਡੀ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ, ਪਰ ਉਸ ਦਾ ਪਰਸ ਗੱਡੀ ਵਿੱਚ ਹੀ ਰਹਿ ਗਿਆ। ਦੋਸ਼ ਹੈ ਕਿ ਡਰਾਈਵਰ ਵੀ ਗੱਡੀ ਵਿੱਚੋਂ ਬਾਹਰ ਆਇਆ ਅਤੇ ਉਸ ਨੇ ਇੱਕ ਵਾਰ ਫਿਰ ਮਹਿਲਾ ਨਾਲ ਜਿਨਸੀ ਛੇੜਛਾੜ ਕੀਤੀ।
ਮੁਲਜ਼ਮ ਖ਼ਿਲਾਫ਼ ਤਿੰਨ ਦੋਸ਼
ਗ੍ਰਿਫ਼ਤਾਰ ਕੀਤੇ ਗਏ ਸਾਹਿਬ ਬਰਾੜ ਖ਼ਿਲਾਫ਼ ਜਿਨਸੀ ਛੇੜਛਾੜ ਦੇ ਦੋ ਅਤੇ ਮਹਿਲਾ ਨੂੰ ਬੰਧਕ ਬਣਾ ਕੇ ਰੱਖਣ ਦਾ ਇੱਕ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਟੋਰਾਂਟੋ ਰੀਜਨਲ ਬੇਲ ਸੈਂਟਰ ਵਿੱਚ ਪੇਸ਼ ਕੀਤਾ ਜਾਣਾ ਸੀ।
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਪੀੜਤ ਹੋ ਸਕਦੇ ਹਨ। ਇਸ ਲਈ ਪੁਲੀਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਟੋਰਾਂਟੋ ਪੁਲੀਸ ਨਾਲ ਸੰਪਰਕ ਕਰੇ।