ਬਸਪਾ ਹੀ ਗਰੀਬ, ਮਜ਼ਦੂਰ ਅਤੇ ਬਹੁਜਨ ਸਮਾਜ ਦੀ ਅਸਲ ਹਮਦਰਦ ਪਾਰਟੀ: ਰਣਜੀਤ ਸਿੰਘ ਨੋਨਾ ਬਰਮਾਲੀਪੁਰ
ਦੋਰਾਹਾ, 6 ਅਗਸਤ (ਅਮਰੀਸ਼ ਆਨੰਦ): ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਨ ਸਭਾ ਹਲਕਾ ਪਾਇਲ ਦਾ ਮੀਡੀਆ ਇੰਚਾਰਜ ਅਤੇ ਸੈਕਟਰ ਇੰਚਾਰਜ ਅਤੇ ਸਮਾਜ ਸੇਵੀ ਰਣਜੀਤ ਸਿੰਘ ਨੋਨਾ ਬਰਮਾਲੀਪੁਰ ਨੇ ਕਿਹਾ ਹੈ ਕਿ ਦੇਸ਼ ਵਿੱਚ ਬਸਪਾ ਹੀ ਇਕੱਲੀ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਗਰੀਬ, ਮਜ਼ਦੂਰ ਅਤੇ ਪਿੱਛੜੇ ਵਰਗਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਵਜੋਂ ਚਾਰ ਵਾਰ ਸੇਵਾ ਨਿਭਾਉਂਦਿਆਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਇਤਿਹਾਸਕ ਕੰਮ ਕੀਤੇ ਹਨ।ਉਨ੍ਹਾਂ ਕਿਹਾ ਕਿ ਭੈਣ ਮਾਇਆਵਤੀ ਨੇ ਹਮੇਸ਼ਾ ਗਰੀਬਾਂ ਦੇ ਦੁੱਖ-ਦਰਦ ਨੂੰ ਨੇੜਿਓਂ ਸਮਝਿਆ ਅਤੇ ਉਨ੍ਹਾਂ ਦੇ ਉਤਥਾਨ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾਈਆਂ। ਇਸ ਲਈ ਉਹ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਨੋਨਾ ਬਰਮਾਲੀਪੁਰ ਨੇ ਪੰਜਾਬ ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਬਹੁਜਨ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਨਿਰੰਤਰ ਯਤਨਸ਼ੀਲ ਹਨ।ਉਨ੍ਹਾਂ ਕਿਹਾ ਕਿ ਬਸਪਾ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਪਾਇਲ ਦਾ ਮੀਡੀਆ ਇੰਚਾਰਜ ਅਤੇ ਸੈਕਟਰ ਇੰਚਾਰਜ ਨਿਯੁਕਤ ਕਰਕੇ ਜੋ ਮਾਣ ਬਖ਼ਸ਼ਿਆ ਗਿਆ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕਾ ਪਾਇਲ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ 'ਤੇ ਵਿਆਪਕ ਮੁਹਿੰਮ ਚਲਾਈ ਜਾਵੇਗੀ।ਰਣਜੀਤ ਸਿੰਘ ਨੋਨਾ ਨੇ ਬਸਪਾ ਦੇ ਸੰਸਥਾਪਕ ਮਾਨਯੋਗ ਕਾਂਸ਼ੀ ਰਾਮ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਬਹੁਜਨ ਸਮਾਜ ਨੂੰ ਇਕੱਠਾ ਕਰਨ ਅਤੇ ਉਸ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਬਹੁਜਨ ਸਮਾਜ ਇਕਜੁੱਟ ਹੋ ਜਾਵੇ ਤਾਂ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਬਸਪਾ ਦੇ ਸੀਨੀਅਰ ਆਗੂਆਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਪਾਰਟੀ ਪਿਛਲੀਆਂ ਕਮੀਆਂ ਤੋਂ ਸਬਕ ਲੈਂਦਿਆਂ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਵਚਨਬੱਧ ਹੈ।ਇਸ ਮੌਕੇ ਪੰਜਾਬ ਸਕੱਤਰ ਬਲਜੀਤ ਸਿੰਘ ਸਲਾਣਾ, ਹਰਭਜਨ ਸਿੰਘ ਦੁਲਮਾਂ, ਗੁਰਬਚਨ ਸਿੰਘ, ਮਨਜੀਤ ਸਿੰਘ, ਜਗਦੀਸ਼ ਸਿੰਘ ਜੱਲਾ ਸਮੇਤ ਹੋਰ ਆਗੂਆਂ ਨੇ ਵੀ ਹਲਕਾ ਪਾਇਲ ਦੇ ਲੋਕਾਂ ਨੂੰ ਪਾਰਟੀ ਨਾਲ ਜੁੜਨ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।
Posted By: Amrish Kumar Anand