Punjab Infoline

ਪੰਜਾਬੀ

ਹਿਮਾਚਲ ਦੇ ਸੋਲਨ ’ਚ ਸਿੱਖ ਬੱਚੇ ਨਾਲ ਰੈਗਿੰਗ ਮਾਮਲਾ, 5 ਵਿਦਿਆਰਥੀਆਂ ’ਤੇ ਕਾਰਵਾਈ

08 Sep, 2026 10:38 AM

ਬੋਰਡਿੰਗ ਸਕੂਲ ’ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, 5 ਵਿਦਿਆਰਥੀ ਸਸਪੈਂਡ; ਸਾਰੇ ਪੰਜਾਬ ਦੇ

ਚੰਡੀਗੜ੍ਹ, 8 ਸਤੰਬਰ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇੱਕ ਬੋਰਡਿੰਗ ਸਕੂਲ ਵਿੱਚ ਸਿੱਖ ਵਿਦਿਆਰਥੀ ਨਾਲ ਰੈਗਿੰਗ ਦੇ ਮਾਮਲੇ ਵਿੱਚ 5 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਸਾਰੇ ਵਿਦਿਆਰਥੀ ਪੰਜਾਬ ਦੇ ਦੱਸੇ ਜਾ ਰਹੇ ਹਨ ਅਤੇ 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹਦੇ ਹਨ। ਰੈਗਿੰਗ ਦਾ ਸ਼ਿਕਾਰ ਹੋਇਆ ਵਿਦਿਆਰਥੀ ਵੀ ਪੰਜਾਬ ਦਾ ਹੈ ਅਤੇ ਉਹ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕੀਤੀ

ਪੀੜਤ ਵਿਦਿਆਰਥੀ ਤਲਵਿੰਦਰ ਮਨੇਸ਼ ਅਤੇ ਹੋਰਾਂ ਦੀ ਸ਼ਿਕਾਇਤ ’ਤੇ ਥਾਣਾ ਡਗਸਾਈ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।

ਡਗਸਾਈ ਪੁਲਿਸ ਅੱਜ ਸਕੂਲ ਪਹੁੰਚ ਕੇ ਪੰਜਾਂ ਮੁਲਜ਼ਮ ਵਿਦਿਆਰਥੀਆਂ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਇਲਾਵਾ ਹੋਸਟਲ ਵਾਰਡਨ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸੇ ਮਾਮਲੇ ਵਿੱਚ ਡਗਸਾਈ ਪੁਲਿਸ ਨੇ ਸੋਮਵਾਰ ਸ਼ਾਮ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਵੋਹਰਾ ਦੇ ਬਿਆਨ ਵੀ ਦਰਜ ਕੀਤੇ ਹਨ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਨਿੰਦਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੋਰਡਿੰਗ ਸਕੂਲ ਵਿੱਚ ਇੱਕ ਸਿੱਖ ਬੱਚੇ ਨਾਲ ਕੀਤੀ ਗਈ ਰੈਗਿੰਗ ਦੀ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਇੱਕ ਸਿੱਖ ਬੱਚੇ ਨਾਲ ਸਕੂਲ ਦੇ ਹੀ ਦੂਜੇ ਬੱਚਿਆਂ ਨੇ ਇਹੋ ਜਿਹੀ ਹਰਕਤ ਕੀਤੀ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਦੀ ਪੂਰੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੈ ਅਤੇ ਕਿਸੇ ਵੀ ਬੱਚੇ ਨਾਲ ਇਹੋ ਜਿਹੀ ਹਰਕਤ ਨਹੀਂ ਹੋਣੀ ਚਾਹੀਦੀ।

ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਦਿੱਤਾ ਭਰੋਸਾ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਸਿੱਖ ਬੱਚੇ ਦੇ ਪਰਿਵਾਰ ਅਤੇ ਬੱਚੇ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੰਦਿਆਂ ਭਰੋਸਾ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪਰਿਵਾਰ ਦੇ ਨਾਲ ਖੜ੍ਹਾ ਹੈ।

Posted By: Punjab Infoline Bureau

Latest News