Australia Firing: ਵਿਕਟੋਰੀਆ ’ਚ ਗੋਲੀਬਾਰੀ ਤੇ ਹਿੰਸਕ ਝੜਪ ਮਾਮਲੇ ’ਚ ਪੰਜਾਬੀ ਮੂਲ ਦੇ ਨੌਜਵਾਨਾਂ ਸਮੇਤ 6 ਗ੍ਰਿਫ਼ਤਾਰ
Australia Firing: ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਟਾਰਨੀਟ ਵਿੱਚ ਪਿਛਲੇ ਮਹੀਨੇ ਹੋਈ ਹਿੰਸਕ ਝੜਪ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਪੁਲੀਸ ਨੇ ਪੰਜਾਬੀ ਮੂਲ ਦੇ ਨੌਜਵਾਨਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਝੜਪ ਲਗਭਗ 17 ਵਿਅਕਤੀਆਂ ਵਿਚਾਲੇ ਹੋਈ ਸੀ, ਜਿਸ ਦੌਰਾਨ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਜਾਨਲੇਵਾ ਦੱਸੀ ਗਈ ਸੀ। ਪੁਲੀਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਹੈ।
ਵਿੰਡਹੈਮ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਜਾਸੂਸਾਂ ਨੇ 4 ਅਕਤੂਬਰ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਟਾਰਨੀਟ ਅਤੇ ਟਰੂਗਾਨੀਨਾ ਤੋਂ 22 ਤੋਂ 43 ਸਾਲ ਦੀ ਉਮਰ ਦੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਅਗਲੇਰੀ ਜਾਂਚ ਪੈਂਡਿੰਗ ਰੱਖਦਿਆਂ ਰਿਹਾਅ ਕਰ ਦਿੱਤਾ ਗਿਆ ਹੈ।
ਅੱਧੀ ਰਾਤ ਨੂੰ 15 ਤੋਂ 20 ਵਿਅਕਤੀਆਂ ਵਿਚਾਲੇ ਹੋਈ ਝੜਪ
ਪੁਲੀਸ ਅਨੁਸਾਰ, ਇੱਕ ਚਸ਼ਮਦੀਦ ਨੇ ਸਵੇਰੇ ਲਗਭਗ 4.10 ਵਜੇ ਡਰੂਮਰ ਵੇਅ ’ਤੇ 15 ਤੋਂ 20 ਲੋਕਾਂ ਨੂੰ ਆਪਸ ਵਿੱਚ ਲੜਦਿਆਂ ਦੇਖਿਆ ਸੀ। ਇਸ ਤੋਂ ਬਾਅਦ ਉਸ ਨੇ ਐਮਰਜੈਂਸੀ ਨੰਬਰ 000 ’ਤੇ ਫ਼ੋਨ ਕੀਤਾ। ਚਸ਼ਮਦੀਦ ਨੇ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਨ ਦੀ ਵੀ ਜਾਣਕਾਰੀ ਦਿੱਤੀ ਸੀ। ਪੁਲੀਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਗਰੁੱਪ ਉੱਥੋਂ ਖਿੰਡ ਚੁੱਕੇ ਸਨ।
ਘਟਨਾ ਸਥਾਨ ਦੀ ਜਾਂਚ ਦੌਰਾਨ ਪੁਲੀਸ ਨੂੰ ਦੋ ਵਾਹਨ ਮਿਲੇ, ਜੋ ਕਈ ਵਾਰ ਆਪਸ ਵਿੱਚ ਟਕਰਾਏ ਹੋਏ ਜਾਪਦੇ ਸਨ। ਇਸ ਤੋਂ ਇਲਾਵਾ ਉੱਥੋਂ ਵੱਖ-ਵੱਖ ਹਥਿਆਰ ਅਤੇ ਖੂਨ ਦੇ ਨਿਸ਼ਾਨ ਵੀ ਮਿਲੇ।
ਦੋ ਵਿਅਕਤੀ ਗੰਭੀਰ ਜ਼ਖ਼ਮੀ, ਇੱਕ ਦੀ ਹਾਲਤ ਸੀ ਜਾਨਲੇਵਾ
ਘਟਨਾ ਤੋਂ ਥੋੜ੍ਹੀ ਦੇਰ ਬਾਅਦ ਟਾਰਨੀਟ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਨੂੰ ਜਾਨਲੇਵਾ ਸੱਟਾਂ ਨਾਲ ਵੇਰੀਬੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਉਹ ਘਰ ਵਿੱਚ ਸਿਹਤਯਾਬ ਹੋ ਰਿਹਾ ਹੈ।
ਇਸੇ ਇਲਾਕੇ ਦੇ ਇੱਕ ਹੋਰ 43 ਸਾਲਾ ਵਿਅਕਤੀ ਨੂੰ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਸੀਸੀਟੀਵੀ ਵਿੱਚ 7 ਵਾਹਨ ਅਤੇ 17 ਵਿਅਕਤੀ ਦਿਖਾਈ ਦਿੱਤੇ
ਜਾਸੂਸਾਂ ਵੱਲੋਂ ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਸਵੇਰੇ ਲਗਭਗ 1 ਵਜੇ ਡਰੂਮਰ ਵੇਅ ਦੇ ਉੱਤਰੀ ਸਿਰੇ ਨੇੜੇ ਸੱਤ ਵਾਹਨ ਅਤੇ 17 ਵਿਅਕਤੀ ਇਕੱਠੇ ਹੁੰਦੇ ਦਿਖਾਈ ਦੇ ਰਹੇ ਹਨ। ਗਰੁੱਪ ਦੇ ਮੈਂਬਰਾਂ ਕੋਲ ਕਥਿਤ ਤੌਰ ’ਤੇ ਬੇਸਬਾਲ ਬੈਟ, ਕ੍ਰਿਕਟ ਬੈਟ ਅਤੇ ਤਲਵਾਰਾਂ ਸਮੇਤ ਕਈ ਹਥਿਆਰ ਸਨ।
ਇਸ ਤੋਂ ਬਾਅਦ ਹੋਈ ਝੜਪ ਦੌਰਾਨ ਇੱਕ ਗੋਲੀ ਚੱਲਦੀ ਦਿਖਾਈ ਦਿੰਦੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਗੋਲੀ ਸ਼ਾਟਗਨ ਤੋਂ ਚਲਾਈ ਗਈ ਹੋ ਸਕਦੀ ਹੈ। ਵਿਕਟੋਰੀਆ ਪੁਲੀਸ ਦੀ ਪ੍ਰੈੱਸ ਰਿਲੀਜ਼ ਅਨੁਸਾਰ, ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦਾ ਹੁਲੀਆ ਭਾਰਤੀ ਉਪ-ਮਹਾਂਦੀਪ ਦੇ ਮੂਲ ਦੇ ਲੋਕਾਂ ਵਰਗਾ ਦੱਸਿਆ ਗਿਆ ਹੈ।
ਦੋ ਵਾਹਨਾਂ ਦੀ ਭਾਲ ਜਾਰੀ
ਜਾਸੂਸਾਂ ਨੇ ਘਟਨਾ ਨਾਲ ਕਥਿਤ ਤੌਰ ’ਤੇ ਜੁੜੇ ਦੋ ਵਾਹਨਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਵਿੱਚ ਕਾਲੇ ਰੰਗ ਦੀ 2021 ਮਾਡਲ ਫੋਰਡ ਰੇਂਜਰ ਰੈਪਟਰ ਯੂਟ (ute), ਜਿਸ ਦਾ ਰਜਿਸਟ੍ਰੇਸ਼ਨ ਨੰਬਰ 0008OG ਹੈ, ਅਤੇ ਲਾਲ ਰੰਗ ਦੀ 1998 ਮਾਡਲ ਨਿਸਾਨ ਪੈਟਰੋਲ, ਜਿਸ ਦਾ ਰਜਿਸਟ੍ਰੇਸ਼ਨ ਨੰਬਰ TJR447 ਹੈ, ਸ਼ਾਮਲ ਹਨ।
ਪੁਲੀਸ ਨੇ ਚਸ਼ਮਦੀਦਾਂ ਅਤੇ ਅਜਿਹੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਕੋਲ ਘਟਨਾ ਨਾਲ ਸਬੰਧਤ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੈ ਜਾਂ ਜਿਨ੍ਹਾਂ ਕੋਲ ਇਸ ਵਿੱਚ ਸ਼ਾਮਲ ਵਿਅਕਤੀਆਂ ਅਤੇ ਵਾਹਨਾਂ ਬਾਰੇ ਕੋਈ ਜਾਣਕਾਰੀ ਹੈ।
ਇਸ ਸਬੰਧੀ ਜਾਣਕਾਰੀ ਕ੍ਰਾਈਮ ਸਟੌਪਰਜ਼ ਨੂੰ 1800 333 000 ’ਤੇ ਫ਼ੋਨ ਕਰਕੇ ਜਾਂ ਇਸ ਦੀ ਵੈੱਬਸਾਈਟ www.crimestoppersvic.com.au ਰਾਹੀਂ ਦਿੱਤੀ ਜਾ ਸਕਦੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।