Punjab Infoline

ਪੰਜਾਬੀ

ਲੁਧਿਆਣਾ ਬੱਸ ਸਟੈਂਡ ਦੀ ਵਰਕਸ਼ਾਪ ’ਚ ਭਿਆਨਕ ਅੱਗ, 2 ਘੰਟਿਆਂ ਬਾਅਦ 8 ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਕਾਬੂ

17 Nov, 2026 09:21 AM

ਲੁਧਿਆਣਾ ਦੇ ਬੱਸ ਸਟੈਂਡ ਅੰਦਰ ਸਥਿਤ ਸਰਕਾਰੀ ਬੱਸਾਂ ਦੀ ਮੁਰੰਮਤ ਕਰਨ ਵਾਲੀ ਮੁੱਖ ਵਰਕਸ਼ਾਪ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਪੁਰਾਣੇ ਟਾਇਰਾਂ ਦੇ ਇੱਕ ਵੱਡੇ ਗੋਦਾਮ ਵਿੱਚ ਲੱਗੀ, ਜਿਸ ਕਾਰਨ ਕੁਝ ਹੀ ਸਮੇਂ ਵਿੱਚ ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਨੇ ਅਸਮਾਨ ਨੂੰ ਘੇਰ ਲਿਆ। ਧੂੰਆਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਿਹਾ ਸੀ।

ਅੱਗ ਦੀ ਗੰਭੀਰਤਾ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਕਰੀਬ 5 ਤੋਂ 10 ਫਾਇਰ ਬ੍ਰਿਗੇਡ ਗੱਡੀਆਂ ਨੇ ਅੱਗ ਬੁਝਾਉਣ ਲਈ ਕਾਰਵਾਈ ਕੀਤੀ।

ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦਿੱਤਾ ਕਾਲਾ ਧੂੰਆਂ

ਸੜਨ ਵਾਲੇ ਟਾਇਰਾਂ ਦੀ ਵੱਡੀ ਮਾਤਰਾ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅਸਮਾਨ ਵਿੱਚ ਉੱਠਦੀਆਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਹੇ ਸਨ। ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਇਸ ਨਾਲ ਹੋਏ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਵਿਭਾਗੀ ਜਾਂਚ ਤੋਂ ਬਾਅਦ ਸਾਹਮਣੇ ਆਉਣ ਦੀ ਉਮੀਦ ਹੈ।

ਕੋਈ ਜਾਨੀ ਨੁਕਸਾਨ ਨਹੀਂ

ਮੌਕੇ ’ਤੇ ਮੌਜੂਦ ਅਧਿਕਾਰੀਆਂ ਮੁਤਾਬਕ, ਅੱਗ ’ਤੇ ਕਾਬੂ ਪਾਉਣ ਲਈ ਲਗਾਤਾਰ ਯਤਨ ਕੀਤੇ ਗਏ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਬੱਸ ਸਟੈਂਡ ਦੇ ਅੰਦਰ ਸਰਕਾਰੀ ਪੈਟਰੋਲ ਪੰਪ ਵੀ ਮੌਜੂਦ ਹੈ, ਪਰ ਅੱਗ ਉਸ ਤੋਂ ਕਾਫ਼ੀ ਦੂਰੀ ’ਤੇ ਲੱਗੀ ਹੋਈ ਸੀ।

2 ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ

ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਦੇਰ ਰਾਤ ਲੱਗੀ ਸੀ। ਵਰਕਸ਼ਾਪ ਵਿੱਚ ਵੱਡੀ ਮਾਤਰਾ ਵਿੱਚ ਟਾਇਰ ਸਟੋਰ ਕੀਤੇ ਹੋਏ ਸਨ। ਰਬੜ ਨੇ ਤੇਜ਼ੀ ਨਾਲ ਅੱਗ ਫੜ ਲਈ, ਜਿਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸ਼ਹਿਰ ਦੇ ਸਾਰੇ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਮੌਕੇ ’ਤੇ ਬੁਲਾਈਆਂ ਗਈਆਂ। ਕਰੀਬ 2 ਘੰਟਿਆਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਲਗਭਗ 8 ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ।

ਜ਼ਿਕਰਯੋਗ ਹੈ ਕਿ ਇਹ ਬੱਸ ਸਟੈਂਡ ਦੀ ਮੁੱਖ ਵਰਕਸ਼ਾਪ ਹੈ, ਜਿੱਥੇ ਸਰਕਾਰੀ ਬੱਸਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਸਰਕਾਰੀ ਜਾਇਦਾਦ ਨੂੰ ਹੋਏ ਵਿੱਤੀ ਨੁਕਸਾਨ ਬਾਰੇ ਸਪੱਸ਼ਟ ਰਿਪੋਰਟ ਵਿਭਾਗੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

Latest News