Punjab Infoline

ਪੰਜਾਬੀ

ਕੈਨੇਡਾ ’ਚ ਲਗਜ਼ਰੀ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ 12 ਗ੍ਰਿਫ਼ਤਾਰ, ਦੋ ਪੰਜਾਬੀ ਨੌਜਵਾਨ ਵੀ ਸ਼ਾਮਲ

17 Nov, 2026 09:17 AM

ਕੈਨੇਡਾ ਦੇ ਗਰੇਟਰ ਟੋਰਾਂਟੋ ਏਰੀਆ (GTA) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰੀ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਪੀਲ ਰਿਜਨਲ ਪੁਲੀਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਸਾਂਝੀ ਕਾਰਵਾਈ ਕਰਦਿਆਂ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਸਮੇਤ ਕੁੱਲ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ 231 ਸੰਗੀਨ ਦੋਸ਼ ਲਾਏ ਹਨ ਅਤੇ ਕਰੀਬ 4.5 ਮਿਲੀਅਨ ਡਾਲਰ (45 ਲੱਖ ਡਾਲਰ) ਮੁੱਲ ਦੀਆਂ 96 ਚੋਰੀ ਦੀਆਂ ਮਹਿੰਗੀਆਂ ਗੱਡੀਆਂ ਬਰਾਮਦ ਕੀਤੀਆਂ ਹਨ।

ਪੁਲੀਸ ਵੱਲੋਂ ਜਾਰੀ ਕੀਤੀ ਗਈ ਗ੍ਰਿਫ਼ਤਾਰ ਮੁਲਜ਼ਮਾਂ ਦੀ ਸੂਚੀ ਵਿੱਚ ਦੋ ਪੰਜਾਬੀ ਮੂਲ ਦੇ ਨੌਜਵਾਨ ਵੀ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਕਰਮਵੀਰ ਸਿੰਘ (26), ਵਾਸੀ ਬਰੈਂਪਟਨ ਅਤੇ ਜਸਪ੍ਰੀਤ ਸਿੰਘ (25), ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ, ਵਜੋਂ ਹੋਈ ਹੈ।

ਪੁਲੀਸ ਅਨੁਸਾਰ ਕਰਮਵੀਰ ਸਿੰਘ ਖ਼ਿਲਾਫ਼ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਰੱਖਣ ਦੇ ਚਾਰ ਅਤੇ 5,000 ਡਾਲਰ ਤੋਂ ਵੱਧ ਮੁੱਲ ਦੇ ਚੋਰੀ ਦੇ ਸਾਮਾਨ ਦੀ ਤਸਕਰੀ ਕਰਨ ਦੇ ਚਾਰ ਮਾਮਲੇ ਦਰਜ ਕੀਤੇ ਗਏ ਹਨ। ਜਦਕਿ ਜਸਪ੍ਰੀਤ ਸਿੰਘ ਖ਼ਿਲਾਫ਼ ਇਨ੍ਹਾਂ ਦੋਵਾਂ ਧਾਰਾਵਾਂ ਤਹਿਤ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ।

ਹੋਰ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸਟੈਨਲੀ ਉਦੇਹ (46), ਵਾਸੀ ਬਰੈਂਪਟਨ; ਟੋਰਾਂਟੋ ਵਾਸੀ ਓਡੇਵਾਲੇ ਅਬਰਾਹਮ (57), ਓਲੁਯੇਮੀ ਸੋਦਾਦੇ (51), ਟੋਸਿਨ ਡੈਮੀਲੋਲਾ ਓਏਬਾਦੇ (45), ਓਲੁਵਾਸੇਈ ਓਲਾਵਾਲੇ ਬਾਮੇਕੇ (39) ਅਤੇ ਓਲੁਸ਼ੋਲਾ ਓਕੇ (42); ਵੌਨ ਵਾਸੀ ਗਬੋਲਾਹਾਨ ਕੁਦੁਸ ਬਾਬਾਤੁੰਦੇ (29); ਕਿਊਬਿਕ ਦੇ ਸੇਂਟ ਜੇਰੋਮ ਵਾਸੀ ਡੈਰਿਲ ਡੇਵਾਂਸ (25) ਅਤੇ ਬਿਨਾਂ ਪੱਕੇ ਪਤੇ ਵਾਲੇ ਹੈਨਰਿਕ ਗੈਂਕਜ਼ (57) ਤੇ ਕੈਨੇਥ ਓਕਾਫੋਰ (58) ਸ਼ਾਮਲ ਹਨ।

ਮਾਰਚ 2026 ਵਿੱਚ ਸ਼ੁਰੂ ਹੋਈ ਸੀ ਜਾਂਚ

ਪੁਲੀਸ ਨੇ ਇਸ ਵਿਸ਼ੇਸ਼ ਮੁਹਿੰਮ ਨੂੰ 'ਪ੍ਰੋਜੈਕਟ ਕੈਡੇਟਾ' ਦਾ ਨਾਮ ਦਿੱਤਾ ਸੀ। ਇਸ ਦੀ ਸ਼ੁਰੂਆਤ ਮਾਰਚ 2026 ਵਿੱਚ ਬਰੈਂਪਟਨ ਦੀ ਕੈਡੇਟਾ ਰੋਡ ਸਥਿਤ ਇੱਕ ਗੁਦਾਮ ਦੀ ਨਿਗਰਾਨੀ ਨਾਲ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਗੁਦਾਮ ਦੀ ਵਰਤੋਂ ਚੋਰੀ ਕੀਤੇ ਵਾਹਨਾਂ ਨੂੰ ਲੁਕਾਉਣ ਅਤੇ ਸਮੁੰਦਰੀ ਕੰਟੇਨਰਾਂ ਵਿੱਚ ਲੋਡ ਕਰਕੇ ਕੈਨੇਡੀਅਨ ਬੰਦਰਗਾਹਾਂ ਰਾਹੀਂ ਪੱਛਮੀ ਅਫ਼ਰੀਕਾ ਭੇਜਣ ਲਈ ਕੀਤੀ ਜਾ ਰਹੀ ਸੀ।

ਪੁਲੀਸ ਅਧਿਕਾਰੀਆਂ ਮੁਤਾਬਕ ਇਸ ਨੈੱਟਵਰਕ ਨੂੰ ਪੰਜ ਮੁੱਖ ਸਰਗਨੇ ਚਲਾ ਰਹੇ ਸਨ। ਬਾਕੀ ਸਾਥੀ ਗੱਡੀਆਂ ਦੇ ਜਾਅਲੀ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ (VIN) ਤਿਆਰ ਕਰਨ, ਕੰਟੇਨਰਾਂ ਵਿੱਚ ਗੱਡੀਆਂ ਲੋਡ ਕਰਨ ਅਤੇ ਉਨ੍ਹਾਂ ਦੀ ਢੋਆ-ਢੁਆਈ ਵਿੱਚ ਮਦਦ ਕਰਦੇ ਸਨ। ਬਰਾਮਦ ਕੀਤੀਆਂ 96 ਗੱਡੀਆਂ ਵਿੱਚ ਲਗਜ਼ਰੀ SUV ਅਤੇ ਪਿਕਅੱਪ ਟਰੱਕ ਸ਼ਾਮਲ ਹਨ।

ਜ਼ਮਾਨਤ ਸੁਣਵਾਈ ਤੋਂ ਬਾਅਦ ਸਾਰੇ ਮੁਲਜ਼ਮ ਰਿਹਾਅ

ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਸਾਰੇ 12 ਮੁਲਜ਼ਮਾਂ ਨੂੰ ਕਾਨੂੰਨੀ ਪ੍ਰਕਿਰਿਆ ਅਤੇ ਜ਼ਮਾਨਤ ਸੁਣਵਾਈ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ, ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧਿਕ ਮੁਕੱਦਮੇ ਪੂਰੇ ਹੋਣ ਤੋਂ ਬਾਅਦ ਇਨ੍ਹਾਂ ਵਿੱਚੋਂ ਕਈ ਮੁਲਜ਼ਮਾਂ ਦੇ ਮਾਮਲੇ ਇਮੀਗ੍ਰੇਸ਼ਨ ਕਾਰਵਾਈ ਅਤੇ ਕੈਨੇਡਾ ਤੋਂ ਡਿਪੋਰਟ ਕਰਨ ਲਈ CBSA ਨੂੰ ਸੌਂਪੇ ਜਾ ਸਕਦੇ ਹਨ।

ਇਸ ਤੋਂ ਇਲਾਵਾ, ਪੁਲੀਸ ਵੱਲੋਂ ਕੁਝ ਹੋਰ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਵੀ ਜਾਰੀ ਕੀਤੇ ਗਏ ਹਨ।

Latest News