Punjab Infoline

ਪੰਜਾਬੀ

ਚੰਡੀਗੜ੍ਹ ਦੇ ਤਾਜ ਹੋਟਲ ’ਚ ਕਾਰੋਬਾਰੀ ਦੀ ਸ਼ੱਕੀ ਹਾਲਾਤਾਂ ’ਚ ਮੌਤ, ਪੁਲਿਸ ਜਾਂਚ ਜਾਰੀ

21 Oct, 2026 09:05 PM

ਚੰਡੀਗੜ੍ਹ: ਸੈਕਟਰ-17 ਸਥਿਤ ਤਾਜ ਹੋਟਲ ਦੇ ਇੱਕ ਕਮਰੇ ਵਿੱਚੋਂ ਬੁੱਧਵਾਰ ਨੂੰ ਇੱਕ ਕਾਰੋਬਾਰੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਦੀਪਕ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੈਕਟਰ-17 ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ, ਜਿਸ ਨੇ ਕਮਰੇ ਵਿੱਚੋਂ ਸਬੂਤ ਇਕੱਠੇ ਕੀਤੇ।

ਸਵੇਰੇ 6 ਵਜੇ ਦੇ ਕਰੀਬ ਹੋਟਲ ਸਟਾਫ਼ ਨੂੰ ਮਿਲੇ ਦੀਪਕ

ਥਾਣਾ ਸੈਕਟਰ-17 ਦੇ ਐੱਸ.ਐੱਚ.ਓ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਦੀਪਕ ਪਿਛਲੇ ਦਿਨ ਹੋਟਲ ਵਿੱਚ ਆ ਕੇ ਠਹਿਰੇ ਸਨ। ਉਨ੍ਹਾਂ ਦਾ ਡਰਾਈਵਰ ਉਨ੍ਹਾਂ ਨੂੰ ਹੋਟਲ ਛੱਡ ਕੇ ਵਾਪਸ ਚਲਾ ਗਿਆ ਸੀ। ਬੁੱਧਵਾਰ ਸਵੇਰੇ ਕਰੀਬ 6 ਵਜੇ ਹੋਟਲ ਦਾ ਇੱਕ ਵੇਟਰ ਕਿਸੇ ਕੰਮ ਲਈ ਕਮਰੇ ਵੱਲ ਗਿਆ ਤਾਂ ਉਸ ਨੇ ਦਰਵਾਜ਼ਾ ਖੁੱਲ੍ਹਾ ਦੇਖਿਆ। ਅੰਦਰ ਜਾਣ ’ਤੇ ਦੀਪਕ ਬੇਸੁੱਧ ਹਾਲਤ ਵਿੱਚ ਪਏ ਮਿਲੇ ਅਤੇ ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਜਾਪ ਰਹੀ ਸੀ।

ਹੋਟਲ ਸਟਾਫ਼ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (GMSH-16) ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

ਪੋਸਟਮਾਰਟਮ ਰਿਪੋਰਟ ਦੀ ਉਡੀਕ

ਪੁਲਿਸ ਮੁਤਾਬਕ, ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਮੁੱਢਲੀ ਜਾਂਚ ਦੌਰਾਨ ਨਸ਼ੇ ਦੀ ਓਵਰਡੋਜ਼ ਜਾਂ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਪਰ ਇਸ ਸਬੰਧੀ ਹਾਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਹੋਟਲ ਦੇ ਕਮਰੇ ਵਿੱਚ ਆਈ ਮੁਟਿਆਰ ਤੋਂ ਪੁੱਛਗਿੱਛ

ਐੱਸ.ਐੱਚ.ਓ. ਸੁਦੇਸ਼ ਕੁਮਾਰ ਮੁਤਾਬਕ, ਹੋਟਲ ਦੇ ਕਮਰੇ ਵਿੱਚ ਇੱਕ ਮੁਟਿਆਰ ਦੇ ਆਉਣ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੌਤ ਦੇ ਕਾਰਨਾਂ ਬਾਰੇ ਅੰਤਿਮ ਸਿੱਟਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ।

Latest News