Punjab Infoline

ਪੰਜਾਬੀ

ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਣਗੇ

09 Sep, 2026 02:43 PM

ਕਰੀਬ 600 ਕਰੋੜ ਦੇ ਪ੍ਰੋਜੈਕਟ ਦੀ ਥਾਂ 100 ਈ-ਬੱਸਾਂ ਆਮ ਰੂਟਾਂ ’ਤੇ ਚਲਾਉਣ ਦੀ ਤਿਆਰੀ

ਅੰਮ੍ਰਿਤਸਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ BRTS ਪ੍ਰੋਜੈਕਟ ਹੁਣ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਸ਼ਹਿਰ ਦੀਆਂ ਸੜਕਾਂ ਵਿਚਕਾਰ ਬਣੇ BRTS ਕੋਰੀਡੋਰ ਨੂੰ ਡਿਸਮੈਂਟਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੀਡੋਰ ਨਾਲ ਬਣੇ ਪਲੇਟਫਾਰਮ ਅਤੇ ਰੇਲਿੰਗ ਵੀ ਹਟਾਏ ਜਾਣਗੇ। ਸਰਕਾਰ ਦਾ ਦਾਅਵਾ ਹੈ ਕਿ ਕੋਰੀਡੋਰ ਹਟਣ ਤੋਂ ਬਾਅਦ ਸੜਕਾਂ ਖੁੱਲ੍ਹੀਆਂ ਹੋਣਗੀਆਂ ਅਤੇ ਸ਼ਹਿਰ ਦੇ ਟ੍ਰੈਫਿਕ ਨੂੰ ਵਧੇਰੇ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ।

ਅੰਮ੍ਰਿਤਸਰ ਵਿੱਚ BRTS ਪ੍ਰੋਜੈਕਟ ਦਾ ਪਹਿਲਾ ਪੜਾਅ 15 ਦਸੰਬਰ 2016 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦਘਾਟਨ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ।

ਬਾਅਦ ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਸ ਪ੍ਰੋਜੈਕਟ ਨੂੰ ਚਲਾਉਣ ਲਈ ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸਮੇਤ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ BRTS ਲੋਕਾਂ ਵਿੱਚ ਉਮੀਦ ਮੁਤਾਬਕ ਪਕੜ ਨਹੀਂ ਬਣਾ ਸਕਿਆ।

ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ BRTS ਦਾ ਮੁੱਢਲਾ ਕਾਂਸੈਪਟ ਹੀ ਅੰਮ੍ਰਿਤਸਰ ਵਰਗੇ ਸ਼ਹਿਰ ਲਈ ਢੁਕਵਾਂ ਨਹੀਂ ਸੀ। ਉਨ੍ਹਾਂ ਮੁਤਾਬਕ ਸੜਕ ਦੇ ਵਿਚਕਾਰ ਬਣੇ ਕੋਰੀਡੋਰ ਕਾਰਨ ਯਾਤਰੀਆਂ ਲਈ ਬੱਸ ਸਟੇਸ਼ਨ ਤੱਕ ਪਹੁੰਚਣਾ ਅਤੇ ਉੱਥੋਂ ਬਾਹਰ ਨਿਕਲਣਾ ਮੁਸ਼ਕਲ ਸੀ। ਇਸ ਤੋਂ ਇਲਾਵਾ ਕਈ ਸਟੇਸ਼ਨਾਂ ਵਿਚਕਾਰ ਕਾਫ਼ੀ ਜ਼ਿਆਦਾ ਦੂਰੀ ਹੋਣ ਕਾਰਨ ਲੋਕ ਬੱਸ ਦੀ ਬਜਾਏ ਆਟੋ ਜਾਂ ਥ੍ਰੀ-ਵ੍ਹੀਲਰ ਨੂੰ ਤਰਜੀਹ ਦਿੰਦੇ ਸਨ।

ਉਨ੍ਹਾਂ ਦੱਸਿਆ ਕਿ BRTS ਦੀ ਰਾਈਡਰਸ਼ਿਪ ਨੂੰ ਵਧਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਇੱਕ ਸਮੇਂ ਰੋਜ਼ਾਨਾ ਰਾਈਡਰਸ਼ਿਪ ਕਰੀਬ 60 ਹਜ਼ਾਰ ਤੱਕ ਵੀ ਪਹੁੰਚੀ, ਪਰ ਇਸ ਦੇ ਬਾਵਜੂਦ ਪ੍ਰੋਜੈਕਟ ਨੂੰ ਚਲਾਉਣ ਵਿੱਚ ਭਾਰੀ ਘਾਟਾ ਪੈ ਰਿਹਾ ਸੀ। ਉਨ੍ਹਾਂ ਮੁਤਾਬਕ ਹਰ ਮਹੀਨੇ ਕਰੀਬ 2 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਸੀ, ਜਿਸ ਕਾਰਨ ਇਸ ਤਰੀਕੇ ਨਾਲ BRTS ਚਲਾਉਣਾ ਵਿਹਾਰਕ ਨਹੀਂ ਸੀ।

ਹੁਣ ਸਰਕਾਰ ਵੱਲੋਂ BRTS ਕੋਰੀਡੋਰ ਨੂੰ ਖਤਮ ਕਰਕੇ ਬੱਸਾਂ ਨੂੰ ਆਮ ਟ੍ਰੈਫਿਕ ਦੇ ਨਾਲ ਸੜਕ ਦੇ ਕਿਨਾਰੇ ਚਲਾਉਣ ਦੀ ਯੋਜਨਾ ਹੈ। ਡਾ. ਨਿੱਜਰ ਮੁਤਾਬਕ ਲਗਭਗ 100 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਨਵੰਬਰ ਤੱਕ ਸੜਕਾਂ ’ਤੇ ਆ ਸਕਦੀਆਂ ਹਨ।

ਇਸ ਲਈ ਵੇਰਕਾ ਵਿਖੇ ਮੌਜੂਦਾ ਪਾਰਕਿੰਗ ਸਹੂਲਤ ਤੋਂ ਇਲਾਵਾ ਮਾਲ ਮੰਡੀ ਵਿਖੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਪਾਰਕਿੰਗ ਅਤੇ ਚਾਰਜਿੰਗ ਸਟੇਸ਼ਨ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਅਗਲੇ ਮਹੀਨੇ ਤੱਕ ਮੁਕੰਮਲ ਕਰਨ ਦਾ ਟੀਚਾ ਦੱਸਿਆ ਗਿਆ ਹੈ।

ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ BRTS ਪ੍ਰੋਜੈਕਟ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ, ਪਰ ਇਸ ਦਾ ਮਕਸਦ ਸ਼ਹਿਰ ਦੇ ਟ੍ਰੈਫਿਕ ਨੂੰ ਰਾਹਤ ਦੇਣਾ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਪਹਿਲਾਂ ਵੀ ਕਈ ਵਾਰ ਬੰਦ ਹੋਇਆ ਅਤੇ ਮੁੜ ਚਲਾਇਆ ਗਿਆ।

ਉਨ੍ਹਾਂ ਮੁਤਾਬਕ ਹੁਣ ਕੋਰੀਡੋਰ ਹਟਾ ਕੇ ਸੜਕਾਂ ਨੂੰ ਖੁੱਲ੍ਹਾ ਕੀਤਾ ਜਾਵੇਗਾ। ਜਿੱਥੇ BRTS ਦਾ ਕੋਰੀਡੋਰ ਕਰੀਬ 30 ਫੁੱਟ ਜਗ੍ਹਾ ਘੇਰਦਾ ਹੈ, ਉੱਥੇ ਇਸ ਕਾਰਨ ਦੋਵੇਂ ਪਾਸਿਆਂ ਟ੍ਰੈਫਿਕ ਲਈ ਉਪਲਬਧ ਜਗ੍ਹਾ ਵੀ ਪ੍ਰਭਾਵਿਤ ਹੁੰਦੀ ਹੈ। ਕੋਰੀਡੋਰ ਹਟਣ ਤੋਂ ਬਾਅਦ ਸੜਕਾਂ ’ਤੇ ਟ੍ਰੈਫਿਕ ਦੀ ਆਵਾਜਾਈ ਹੋਰ ਸੁਚਾਰੂ ਹੋਣ ਦੀ ਉਮੀਦ ਹੈ।

ਮੇਅਰ ਨੇ ਕਿਹਾ ਕਿ ਨਵੀਂ ਇਲੈਕਟ੍ਰਿਕ ਬੱਸ ਸੇਵਾ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਬੱਸਾਂ ਦੇ ਸਟਾਪੇਜ ਪਹਿਲਾਂ ਦੇ ਮੁਕਾਬਲੇ ਵੱਧ ਹੋਣਗੇ। ਇਸ ਨਾਲ ਯਾਤਰੀਆਂ ਨੂੰ ਬੱਸ ਫੜਨ ਜਾਂ ਉਤਰਣ ਲਈ ਲੰਬੀ ਦੂਰੀ ਤੱਕ ਪੈਦਲ ਨਹੀਂ ਜਾਣਾ ਪਵੇਗਾ ਅਤੇ ਲੋਕਾਂ ਨੂੰ ਆਟੋ ਜਾਂ ਥ੍ਰੀ-ਵ੍ਹੀਲਰ ’ਤੇ ਨਿਰਭਰਤਾ ਵੀ ਘੱਟ ਹੋਵੇਗੀ।

ਸਰਕਾਰ ਦਾ ਕਹਿਣਾ ਹੈ ਕਿ BRTS ਦੀ ਬੱਸ ਸੇਵਾ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਰਿਹਾ, ਸਗੋਂ ਇਸ ਦਾ ਮਾਡਲ ਬਦਲਿਆ ਜਾ ਰਿਹਾ ਹੈ। ਕੋਰੀਡੋਰ, ਪਲੇਟਫਾਰਮ ਅਤੇ ਰੇਲਿੰਗ ਹਟਾ ਕੇ ਬੱਸਾਂ ਨੂੰ ਆਮ ਸੜਕਾਂ ’ਤੇ ਚਲਾਇਆ ਜਾਵੇਗਾ ਅਤੇ ਵੱਧ ਬੱਸ ਸਟਾਪ ਬਣਾਏ ਜਾਣਗੇ। ਇਸ ਨਾਲ ਇੱਕ ਪਾਸੇ ਸ਼ਹਿਰ ਦੀਆਂ ਸੜਕਾਂ ’ਤੇ ਟ੍ਰੈਫਿਕ ਲਈ ਵਧੇਰੇ ਜਗ੍ਹਾ ਮਿਲਣ ਅਤੇ ਦੂਜੇ ਪਾਸੇ ਲੋਕਾਂ ਨੂੰ ਸੁਵਿਧਾਜਨਕ ਪਬਲਿਕ ਟਰਾਂਸਪੋਰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

Posted By: Punjab Infoline Bureau

Latest News