Punjab Infoline

ਪੰਜਾਬੀ

ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ PGI ਚੰਡੀਗੜ੍ਹ ਭੇਜੀ, 23 ਦਿਨਾਂ ਬਾਅਦ ਪੋਸਟਮਾਰਟਮ ਲਈ ਬਣੀ ਸਹਿਮਤੀ

06 Nov, 2026 09:46 AM

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਕਰੀਬ 23 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ PGI ਚੰਡੀਗੜ੍ਹ ਵਿੱਚ ਕਰਵਾਉਣ ਲਈ ਸਹਿਮਤੀ ਬਣ ਗਈ। ਵੀਰਵਾਰ ਰਾਤ ਬਾਰਾਂ ਵਜੇ ਤੋਂ ਕੁਝ ਸਮਾਂ ਪਹਿਲਾਂ ਮਾਨਸਾ ਦੇ ਸਿਵਲ ਹਸਪਤਾਲ ਤੋਂ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਭੇਜ ਦਿੱਤਾ ਗਿਆ।

ਮ੍ਰਿਤਕ ਦੇਹ ਨੂੰ ਚੰਡੀਗੜ੍ਹ ਭੇਜਣ ਤੋਂ ਪਹਿਲਾਂ ਅਰਦਾਸ ਕੀਤੀ ਗਈ। ਇਸ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੇ ਬਾਵਜੂਦ ਦੇਹ ਨੂੰ ਪੋਸਟਮਾਰਟਮ ਲਈ PGI ਨਹੀਂ ਭੇਜਿਆ ਜਾ ਸਕਿਆ ਸੀ।

ਪਰਚੇ ਰੱਦ ਕਰਨ ਦੀ ਮੰਗ ’ਤੇ ਫਸਿਆ ਸੀ ਪੇਚ

ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਦਰਜ ਪਰਚੇ ਰੱਦ ਨਹੀਂ ਕੀਤੇ ਜਾਂਦੇ, ਉਹ ਝੋਟਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਚੰਡੀਗੜ੍ਹ ਨਹੀਂ ਲਿਜਾਣ ਦੇਣਗੇ। ਇਸ ਦੌਰਾਨ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਵੀ ਕੀਤੀ। ਬਾਅਦ ਵਿੱਚ ਸਹਿਮਤੀ ਬਣਨ ’ਤੇ ਅਰਦਾਸ ਕੀਤੀ ਗਈ ਅਤੇ ਮ੍ਰਿਤਕ ਦੇਹ ਨੂੰ ਰਵਾਨਾ ਕਰ ਦਿੱਤਾ ਗਿਆ।

ਇਸ ਦੌਰਾਨ ਨਾਭਾ ਜੇਲ੍ਹ ਤੋਂ ਰਿਹਾਅ ਹੋਏ ਲੱਖਾ ਸਿਧਾਣਾ ਅਤੇ ਮੋਹਨਜੀਤ ਸਮੇਤ ਬਠਿੰਡਾ ਜੇਲ੍ਹ ਤੋਂ ਰਿਹਾਅ ਹੋਏ ਨੌਜਵਾਨ ਵੀ ਮਾਨਸਾ ਦੇ ਸਿਵਲ ਹਸਪਤਾਲ ਪਹੁੰਚ ਗਏ ਸਨ।

ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਸੀ ਕਿ ਐਕਸ਼ਨ ਕਮੇਟੀ ਅਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਬਣਦੇ ਹੀ ਮ੍ਰਿਤਕ ਦੇਹ ਰਵਾਨਾ ਕਰ ਦਿੱਤੀ ਜਾਵੇਗੀ। ਮ੍ਰਿਤਕ ਦੇਹ ਲੈਣ ਲਈ CBI ਦੇ ਵਿਸ਼ੇਸ਼ ਅਧਿਕਾਰੀ ਵੀ ਪਹੁੰਚੇ ਹੋਏ ਸਨ।

ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਦੀ ਵੀ ਹੋਈ ਰਿਹਾਈ

ਇਸ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵੱਲੋਂ ਲੱਖਾ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰੋਂ ਦੀ ਰਿਹਾਈ ਲਈ ਵਾਰੰਟ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਦੋਵਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਝੋਟਾ ਦੇ ਇਨਸਾਫ਼ ਲਈ ਚੱਲ ਰਹੇ ਸੰਘਰਸ਼ ਦੌਰਾਨ ਇਨ੍ਹਾਂ ਆਗੂਆਂ ਦੀ ਰਿਹਾਈ ਦੀ ਮੰਗ ਵੀ ਅਹਿਮ ਮੰਗਾਂ ਵਿੱਚ ਸ਼ਾਮਲ ਸੀ।

ਹੁਣ PGI ਚੰਡੀਗੜ੍ਹ ਵਿੱਚ ਹੋਣ ਵਾਲੇ ਪੋਸਟਮਾਰਟਮ ਦੀ ਰਿਪੋਰਟ ਤੋਂ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।

Latest News