Punjab Infoline

ਪੰਜਾਬੀ

ਦਿੱਲੀ PG ਹਾਦਸੇ ਤੋਂ ਬਾਅਦ MCD ਦਾ ਵੱਡਾ ਕਦਮ, ਹੁਣ ਸਾਰੀਆਂ ਇਮਾਰਤਾਂ ਦੀ ਹੋਵੇਗੀ ਜਾਂਚ

08 Sep, 2026 10:30 AM

ਦਿੱਲੀ PG ਹਾਦਸੇ ਤੋਂ ਬਾਅਦ MCD ਦਾ ਵੱਡਾ ਕਦਮ, ਹੁਣ ਸਾਰੀਆਂ ਇਮਾਰਤਾਂ ਦੀ ਹੋਵੇਗੀ ਜਾਂਚ

ਚੰਡੀਗੜ੍ਹ, 8 ਸਤੰਬਰ: ਦਿੱਲੀ ਦੇ ਸਤਿਆ ਨਿਕੇਤਨ ਵਿੱਚ ਇਮਾਰਤ ਹਾਦਸੇ ਤੋਂ ਬਾਅਦ ਨਗਰ ਨਿਗਮ (MCD) ਨੇ ਪੂਰੀ ਦਿੱਲੀ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। MCD ਨੇ ਸਾਰੇ ਜ਼ੋਨਾਂ ਦੇ ਬਿਲਡਿੰਗ ਵਿਭਾਗ ਨਾਲ ਸਬੰਧਤ ਐਗਜ਼ੀਕਿਊਟਿਵ ਇੰਜੀਨੀਅਰਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਇਮਾਰਤਾਂ ਦਾ ਨਿਰੀਖਣ ਕਰਕੇ 10 ਸਤੰਬਰ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।

ਸਤਿਆ ਨਿਕੇਤਨ ਹਾਦਸੇ ਤੋਂ ਬਾਅਦ ਜਾਰੀ ਹੋਏ ਹੁਕਮ

ਇਹ ਹੁਕਮ ਐਤਵਾਰ ਨੂੰ ਸਤਿਆ ਨਿਕੇਤਨ ਵਿੱਚ ਇੱਕ ਇਮਾਰਤ ਡਿੱਗਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 6 ਲੋਕ ਜ਼ਖਮੀ ਹੋਏ ਸਨ।

MCD ਵੱਲੋਂ ਜਾਂਚ ਦੌਰਾਨ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਵਿੱਚ 10 ਦਿਨਾਂ ਦੇ ਅੰਦਰ ਦਾਖ਼ਲ ਕੀਤੇ ਜਾਣ ਵਾਲੇ ਹਲਫ਼ਨਾਮੇ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਹੋਵੇਗੀ।

27 ਲੱਖ ਤੋਂ ਵੱਧ ਇਮਾਰਤਾਂ ਦਾ ਪਹਿਲਾਂ ਹੋ ਚੁੱਕਾ ਹੈ ਸਰਵੇ

MCD ਦੇ ਅੰਕੜਿਆਂ ਮੁਤਾਬਕ, ਇਸ ਸਾਲ ਦੀ ਸ਼ੁਰੂਆਤ ਵਿੱਚ ਦਿੱਲੀ ਵਿੱਚ ਇੱਕ ਵੱਡਾ ਸਰਵੇ ਕੀਤਾ ਗਿਆ ਸੀ। ਇਸ ਦੌਰਾਨ 27 ਲੱਖ 84 ਹਜ਼ਾਰ 286 ਇਮਾਰਤਾਂ ਦਾ ਸਰਵੇ ਕੀਤਾ ਗਿਆ, ਪਰ ਇਨ੍ਹਾਂ ਵਿੱਚੋਂ ਸਿਰਫ਼ 19 ਇਮਾਰਤਾਂ ਨੂੰ ਖ਼ਤਰਨਾਕ ਪਾਇਆ ਗਿਆ ਸੀ।

ਹੁਣ ਸਤਿਆ ਨਿਕੇਤਨ ਹਾਦਸੇ ਤੋਂ ਬਾਅਦ MCD ਵੱਲੋਂ ਮੁੜ ਵਿਆਪਕ ਪੱਧਰ ‘ਤੇ ਇਮਾਰਤਾਂ ਦੀ ਜਾਂਚ ਕਰਵਾਈ ਜਾ ਰਹੀ ਹੈ।

ਇਮਾਰਤ ਡਿੱਗਣ ਦੇ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ

PG ਹਾਦਸੇ ਤੋਂ ਬਾਅਦ ਪੁਲਿਸ ਨੇ ਸਤਿਆ ਨਿਕੇਤਨ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਪ੍ਰਾਪਰਟੀ ਮਾਲਕ ਉਰਮਿਲਾ ਗੁਪਤਾ, ਉਨ੍ਹਾਂ ਦੇ ਪਤੀ ਹਰੀਰਾਮ ਗੁਪਤਾ ਅਤੇ ਪੁੱਤਰ ਮਹੇਸ਼ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Posted By: Punjab Infoline Bureau

Latest News