ਇੰਗਲੈਂਡ ’ਚ ਘਰ ਨੂੰ ਅੱਗ ਲੱਗਣ ਕਾਰਨ ਪੰਜਾਬ ਦੀ ਮਹਿਲਾ ਡਾਕਟਰ ਦੀ ਮੌਤ, ਪਿਤਾ ਨੇ ਸਹੁਰੇ ਪਰਿਵਾਰ ’ਤੇ ਲਾਏ ਕਤਲ ਦੇ ਦੋਸ਼
ਇੰਗਲੈਂਡ ਵਿੱਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਫਗਵਾੜਾ ਦੀ ਰਹਿਣ ਵਾਲੀ ਡਾਕਟਰ ਸ਼ਿਵਾਨੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਫਗਵਾੜਾ ਦੇ ਮੈਡੀਕਲ ਜਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕਾ ਦੇ ਪਿਤਾ ਨੇ ਉਸ ਦੇ ਸਹੁਰੇ ਪਰਿਵਾਰ ’ਤੇ ਘਰੇਲੂ ਤਸ਼ੱਦਦ ਅਤੇ ਕਤਲ ਦੀ ਸਾਜ਼ਿਸ਼ ਦੇ ਗੰਭੀਰ ਦੋਸ਼ ਲਗਾਏ ਹਨ। ਦੂਜੇ ਪਾਸੇ, ਪਤੀ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਜਾਂ ਹੀਟਰ ਦੱਸਿਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਰਾਤ ਉਸ ਸਮੇਂ ਵਾਪਰੀ, ਜਦੋਂ ਇੰਗਲੈਂਡ ਸਥਿਤ ਪਤੀ-ਪਤਨੀ ਦੇ ਘਰ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਘਰ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀਆਂ ਫਾਇਰ ਐਂਡ ਰੈਸਕਿਊ ਟੀਮਾਂ ਨੇ ਦੋਵਾਂ ਨੂੰ ਘਰ ਵਿੱਚੋਂ ਬਾਹਰ ਕੱਢਿਆ। ਹਾਲਾਂਕਿ, ਡਾਕਟਰੀ ਸਹਾਇਤਾ ਦੇ ਬਾਵਜੂਦ ਡਾਕਟਰ ਸ਼ਿਵਾਨੀ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਧੂੰਏਂ ਕਾਰਨ ਸਾਹ ਘੁੱਟਣ ਅਤੇ ਅੱਗ ਨਾਲ ਝੁਲਸਣ ਕਾਰਨ ਉਨ੍ਹਾਂ ਦੀ ਮੌਤ ਹੋਈ।
ਇਸ ਘਟਨਾ ਵਿੱਚ ਉਨ੍ਹਾਂ ਦੇ ਪਤੀ ਦਿਲਾਵਰ ਕਟਾਰੀਆ ਵੀ ਗੰਭੀਰ ਰੂਪ ਵਿੱਚ ਝੁਲਸ ਗਏ। ਉਨ੍ਹਾਂ ਨੂੰ ਬਰਮਿੰਘਮ ਦੇ ਕੁਈਨ ਐਲਿਜ਼ਾਬੇਥ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੋਮਾ ਵਿੱਚ ਹਨ ਅਤੇ ਵੈਂਟੀਲੇਟਰ ਦੀ ਸਹਾਇਤਾ ’ਤੇ ਹਨ।
ਪਿਤਾ ਨੇ ਲਾਏ ਘਰੇਲੂ ਹਿੰਸਾ ਅਤੇ ਸਾਜ਼ਿਸ਼ ਦੇ ਦੋਸ਼
ਘਟਨਾ ਤੋਂ ਬਾਅਦ ਫਗਵਾੜਾ ਵਿੱਚ ਡਾਕਟਰ ਸ਼ਿਵਾਨੀ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੇ ਪਿਤਾ ਡਾ. ਕੇ.ਕੇ. ਵਰਮਾ, ਜੋ ਫਗਵਾੜਾ ਦੇ ਪ੍ਰਸਿੱਧ ਡਾਕਟਰ ਹਨ, ਨੇ ਇਸ ਘਟਨਾ ਨੂੰ ਮਹਿਜ਼ ਹਾਦਸਾ ਮੰਨਣ ਤੋਂ ਇਨਕਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ 2023 ਵਿੱਚ ਵਿਆਹ ਤੋਂ ਬਾਅਦ ਜਦੋਂ ਉਨ੍ਹਾਂ ਦੀ ਧੀ ਆਪਣੇ ਪਤੀ ਨਾਲ ਪੇਸ਼ੇਵਰ ਕੰਮਕਾਜ ਲਈ ਇੰਗਲੈਂਡ ਗਈ ਸੀ ਤਾਂ ਉਸ ਨੂੰ ਕਥਿਤ ਤੌਰ ’ਤੇ ਮਾਨਸਿਕ ਪਰੇਸ਼ਾਨੀ, ਸਰੀਰਕ ਤਸ਼ੱਦਦ ਅਤੇ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪਿਆ।
ਮ੍ਰਿਤਕਾ ਦੇ ਪਰਿਵਾਰ ਨੇ ਮੈਡੀਕਲ ਭਾਈਚਾਰੇ ਦੇ ਮੈਂਬਰਾਂ ਦੀ ਹਮਾਇਤ ਨਾਲ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਅਤੇ ਬ੍ਰਿਟੇਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਪਰਿਵਾਰ ਚਾਹੁੰਦਾ ਹੈ ਕਿ ਜਾਂਚ ਰਾਹੀਂ ਇਹ ਪਤਾ ਲਗਾਇਆ ਜਾਵੇ ਕਿ ਘਰ ਵਿੱਚ ਅੱਗ ਜਾਣਬੁੱਝ ਕੇ ਤਾਂ ਨਹੀਂ ਲਗਾਈ ਗਈ ਸੀ।
ਸਹੁਰੇ ਪਰਿਵਾਰ ਨੇ ਦੋਸ਼ਾਂ ਨੂੰ ਕੀਤਾ ਖਾਰਜ
ਦੂਜੇ ਪਾਸੇ, ਫਗਵਾੜਾ ਨੇੜਲੇ ਪਿੰਡ ਖੱਟੀ ਦੇ ਰਹਿਣ ਵਾਲੇ ਦਿਲਾਵਰ ਕਟਾਰੀਆ ਦੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ-ਪਤਨੀ ਵਿਚਕਾਰ ਸਬੰਧ ਸੁਖਾਵੇਂ ਸਨ ਅਤੇ ਉਨ੍ਹਾਂ ਦਾ ਵਿਆਹੁਤਾ ਜੀਵਨ ਆਪਸੀ ਸਹਿਯੋਗ ਅਤੇ ਪਿਆਰ ਨਾਲ ਚੱਲ ਰਿਹਾ ਸੀ।
ਪਰਿਵਾਰ ਨੇ ਦਾਅਵਾ ਕੀਤਾ ਕਿ ਇਹ ਇੱਕ ਮੰਦਭਾਗਾ ਹਾਦਸਾ ਸੀ। ਉਨ੍ਹਾਂ ਮੁਤਾਬਕ ਕਮਰੇ ਵਿੱਚ ਚੱਲ ਰਹੇ ਹੀਟਰ ਜਾਂ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। ਉਨ੍ਹਾਂ ਨੇ ਘਰੇਲੂ ਤਸ਼ੱਦਦ ਜਾਂ ਪਤੀ-ਪਤਨੀ ਵਿਚਕਾਰ ਕਿਸੇ ਤਰ੍ਹਾਂ ਦੇ ਝਗੜੇ ਦੇ ਦੋਸ਼ਾਂ ਨੂੰ ਵੀ ਨਕਾਰਿਆ ਹੈ।
ਇੰਗਲੈਂਡ ਦੀ ਪੁਲੀਸ ਅਤੇ ਫੋਰੈਂਸਿਕ ਟੀਮ ਵੱਲੋਂ ਜਾਂਚ ਜਾਰੀ
ਇੰਗਲੈਂਡ ਦੀ ਪੁਲੀਸ ਅਤੇ ਫੋਰੈਂਸਿਕ ਮਾਹਿਰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ। ਜਾਂਚ ਟੀਮ ਵੱਲੋਂ ਘਰ ਦੇ ਬਿਜਲੀ ਸਿਸਟਮ, ਤਾਰਾਂ, ਹੀਟਰ ਅਤੇ ਹੋਰ ਬਿਜਲੀ ਉਪਕਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਗ ਫੈਲਣ ਦੇ ਤਰੀਕੇ ਅਤੇ ਘਟਨਾ ਸਥਾਨ ਤੋਂ ਮਿਲੇ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਡਾਕਟਰ ਸ਼ਿਵਾਨੀ ਦੀ ਦੇਹ ਭਾਰਤ ਲਿਆਉਣ ਲਈ ਕਾਨੂੰਨੀ ਪ੍ਰਕਿਰਿਆ ਜਾਰੀ
ਡਾਕਟਰ ਸ਼ਿਵਾਨੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੂੰ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਕਾਰਨ ਉਡੀਕ ਕਰਨੀ ਪੈ ਰਹੀ ਹੈ। ਬ੍ਰਿਟੇਨ ਦੇ ਕਾਨੂੰਨ ਅਨੁਸਾਰ ਸ਼ੱਕੀ ਜਾਂ ਅਸਪੱਸ਼ਟ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲਿਆਂ ਵਿੱਚ ਕੋਰੋਨਰ ਵੱਲੋਂ ਜਾਂਚ (Coroner’s Inquest) ਕਰਵਾਈ ਜਾਂਦੀ ਹੈ।
ਇਸ ਲਈ ਫੋਰੈਂਸਿਕ ਪੋਸਟਮਾਰਟਮ, ਮੌਤ ਦੇ ਕਾਰਨਾਂ ਦੀ ਪੁਸ਼ਟੀ ਅਤੇ ਲੋੜੀਂਦੀਆਂ ਕਾਨੂੰਨੀ ਤੇ ਕੂਟਨੀਤਕ ਪ੍ਰਵਾਨਗੀਆਂ ਤੋਂ ਬਾਅਦ ਹੀ ਮ੍ਰਿਤਕ ਦੇਹ ਨੂੰ ਫਗਵਾੜਾ ਲਿਆਉਣ ਦੀ ਪ੍ਰਕਿਰਿਆ ਪੂਰੀ ਹੋ ਸਕੇਗੀ।
ਫਿਲਹਾਲ ਯੂਕੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਪੜਾਅ ’ਤੇ ਕਿਸੇ ਵੀ ਵਿਅਕਤੀ ਵਿਰੁੱਧ ਰਸਮੀ ਅਪਰਾਧਿਕ ਦੋਸ਼ ਤੈਅ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੋਵੇਂ ਪਰਿਵਾਰ ਜਾਂਚ ਦੇ ਅੰਤਿਮ ਨਤੀਜਿਆਂ ਦੀ ਉਡੀਕ ਕਰ ਰਹੇ ਹਨ।