ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪ ਦਾ ਆਯੋਜਨ
ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫਕੈਲਟੀ ਆਫ ਫਾਰਮਾਸਿਉਟੀਕਲ ਸਾਇੰਸਜ਼ ਵਲੋਂ ਗੋਲਡ ਮੈਡੀਕਾ ਬਲ਼ੱਡ ਬੈਂਕ ਬਠਿੰਡਾ ਦੇ ਸਹਿਯੋਗ ਨਾਲ ਸਵੈ-ਇੱਛਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਵਿਵੇਕ ਜਿੰਦਲ ਦੀ ਟੀਮ ਵੱਲੋਂ 60 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਉਦਘਾਟਨ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ, ਡਾ. ਬਲਰਾਜ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋ ਉੱਤਮ ਦਾਨ ਹੈ, ਇਹ ਮਨੁੱਖਤਾ ਦੀ ਸੱਚੀ ਸੇਵਾ ਹੈ। ਉਹਨਾਂ ਦੱਸਿਆ ਕਿ ਤੰਦਰੁਸਤ ਵਿਅਕਤੀ ਸਾਲ ਵਿੱਚ ਦੋ ਵਾਰ ਖੂਨ ਦਾਨ ਕਰ ਸਕਦਾ ਹੈ, ਇਸ ਨਾਲ ਖੂਨਦਾਨੀ ਦੇ ਸ਼ਰੀਰ ਵਿੱਚ ਨਵੇਂ ਲਾਲ ਰਕਤਾਣੂ ਕੁਦਰਤੀ ਤੌਰ ਤੇ ਆਪਣੇ ਆਪ ਹੀ ਬਣ ਜਾਂਦੇ ਹਨ ਅਤੇ ਸ਼ਰੀਰ ਵਿੱਚ ਖੂਨ ਦੀ ਮਾਤਰਾ ਆਪਣੇ ਆਪ ਪੂਰੀ ਹੋ ਜਾਂਦੀ ਹੈ| ਉਹਨਾਂ ਜੀ.ਕੇ.ਯੂ ਵੱਲੋ ਚਲਾਈ ਜਾ ਰਹੀ ਸਵੈ-ਇੱਛਕ ਖੂਨਦਾਨ ਮਹਿੰਮ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਡੀਨ ਡਾ. ਦਵਿੰਦਰ ਮਹੇਸ਼ਵਰੀ ਤੇ ਕੈਂਪ ਕੁਆਰਡੀਨੇਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਵੈ-ਇੱਛਕ ਖੂਨ ਦਾਨ ਪ੍ਰਤੀ ਪ੍ਰੇਰਿਤ ਕੀਤਾ ਗਿਆ। ਮਹਿਮਾਨ ਡਾਕਟਰਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਖੂਨਦਾਨ ਦੇ ਫਾਇਦੇਆਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਸਮਾਜ ਵਿੱਚ ਖੂਨਦਾਨ ਪ੍ਰਤੀ ਫੈਲੇ ਭਰਮ ਅਤੇ ਗਲ਼ਤ ਫਹਿਮੀਆਂ ਪ੍ਰਤੀ ਵੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ।
Posted By: GURJANT SINGH