Sydney University Academic Fraud: ਸਿਡਨੀ ਯੂਨੀਵਰਸਿਟੀ ’ਚ ਅਕਾਦਮਿਕ ਧੋਖਾਧੜੀ ਦੇ 330 ਮਾਮਲੇ, 91% ਕੌਮਾਂਤਰੀ ਵਿਦਿਆਰਥੀਆਂ ਨਾਲ ਸਬੰਧਤ
ਆਸਟਰੇਲੀਆ ਦੀ ਨਾਮਵਰ ਸਿਡਨੀ ਯੂਨੀਵਰਸਿਟੀ ਵਿੱਚ ਅਕਾਦਮਿਕ ਧੋਖਾਧੜੀ ਅਤੇ ਫਰਜ਼ੀ ਦਸਤਾਵੇਜ਼ਾਂ ਨਾਲ ਜੁੜੇ ਵੱਡੇ ਮਾਮਲੇ ਸਾਹਮਣੇ ਆਏ ਹਨ। ਸੂਚਨਾ ਦੀ ਆਜ਼ਾਦੀ ਕਾਨੂੰਨ ਤਹਿਤ ਜਾਰੀ ਕੀਤੀ ਗਈ ਅੰਦਰੂਨੀ ਰਿਪੋਰਟ ਅਨੁਸਾਰ, ਸਾਲ 2025 ਦੌਰਾਨ ਧੋਖਾਧੜੀ ਅਤੇ ਅਕਾਦਮਿਕ ਬੇਈਮਾਨੀ ਦੇ 330 ਗੰਭੀਰ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 91 ਫ਼ੀਸਦੀ ਮਾਮਲੇ ਕੌਮਾਂਤਰੀ ਵਿਦਿਆਰਥੀਆਂ ਨਾਲ ਸਬੰਧਤ ਸਨ, ਜਦੋਂਕਿ ਯੂਨੀਵਰਸਿਟੀ ਵਿੱਚ ਉਨ੍ਹਾਂ ਦੀ ਕੁੱਲ ਗਿਣਤੀ ਲਗਪਗ 52 ਫ਼ੀਸਦੀ ਹੈ।
ਰਿਪੋਰਟ ਵਿੱਚ ਧੋਖਾਧੜੀ ਦੇ ਕਈ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਬਿਮਾਰੀ ਦੇ ਜਾਅਲੀ ਮੈਡੀਕਲ ਸਰਟੀਫਿਕੇਟ ਪੇਸ਼ ਕਰਕੇ ਪ੍ਰੀਖਿਆ ਤੋਂ ਛੋਟ ਲੈਣਾ ਜਾਂ ਵਾਧੂ ਸਮਾਂ ਹਾਸਲ ਕਰਨਾ, ਨਕਲੀ ਦਸਤਾਵੇਜ਼ ਤਿਆਰ ਕਰਨਾ ਅਤੇ ਪੈਸੇ ਦੇ ਕੇ ਦੂਜਿਆਂ ਤੋਂ ਅਸਾਈਨਮੈਂਟਾਂ ਜਾਂ ਹੋਰ ਅਕਾਦਮਿਕ ਕੰਮ ਕਰਵਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਵਿਦਿਅਕ ਸਰਟੀਫਿਕੇਟਾਂ ਦੇ ਫਰਜ਼ੀ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿੱਚ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਤੋਂ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਦੱਸੀ ਗਈ ਹੈ।
2023 ਦੇ ਮੁਕਾਬਲੇ ਮਾਮਲਿਆਂ ਵਿੱਚ ਕਮੀ
ਰਿਪੋਰਟ ਮੁਤਾਬਕ, ਅਕਾਦਮਿਕ ਧੋਖਾਧੜੀ ਦੇ 2023 ਦੌਰਾਨ 1,007 ਮਾਮਲੇ ਦਰਜ ਹੋਏ ਸਨ, ਜਦੋਂਕਿ 2025 ਵਿੱਚ ਇਹ ਗਿਣਤੀ ਘਟ ਕੇ 330 ਰਹਿ ਗਈ। ਹਾਲਾਂਕਿ, ਰਿਪੋਰਟ ਵਿੱਚ ਇਹ ਸੰਭਾਵਨਾ ਵੀ ਜਤਾਈ ਗਈ ਹੈ ਕਿ ਅਜਿਹੇ ਮਾਮਲਿਆਂ ਦੀ ਰਿਪੋਰਟਿੰਗ ਪੂਰੀ ਤਰ੍ਹਾਂ ਨਹੀਂ ਹੋ ਰਹੀ।
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਜਿਹੇ ਮਾਮਲਿਆਂ ਵਿੱਚ ਕੀਤੀ ਗਈ ਕਾਰਵਾਈ ਦੇ ਅੰਕੜਿਆਂ ਅਨੁਸਾਰ, 628 ਵਿਦਿਆਰਥੀਆਂ ਨੂੰ ਫੇਲ੍ਹ ਗ੍ਰੇਡ ਦਿੱਤੇ ਗਏ, 152 ਨੂੰ ਮੁਅੱਤਲ ਕੀਤਾ ਗਿਆ, 39 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿੱਚੋਂ ਕੱਢਿਆ ਗਿਆ ਅਤੇ ਤਿੰਨ ਡਿਗਰੀਆਂ ਰੱਦ ਕੀਤੀਆਂ ਗਈਆਂ।
ਜਾਂਚ ਲਈ ਵਿਸ਼ੇਸ਼ ਟਾਸਕਫੋਰਸ ਦਾ ਗਠਨ
ਅਕਾਦਮਿਕ ਧੋਖਾਧੜੀ ਨਾਲ ਨਜਿੱਠਣ ਲਈ ਸਿਡਨੀ ਯੂਨੀਵਰਸਿਟੀ ਨੇ ਵਿਸ਼ੇਸ਼ ਜਾਂਚ ਟਾਸਕਫੋਰਸ ਬਣਾਈ ਹੈ। ਇਹ ਟਾਸਕਫੋਰਸ ਜਾਅਲੀ ਦਸਤਾਵੇਜ਼ਾਂ, ਤਕਨੀਕੀ ਧੋਖਾਧੜੀ ਅਤੇ ਸੰਗਠਿਤ ਨਕਲਬਾਜ਼ੀ ਦੇ ਨੈੱਟਵਰਕਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰੇਗੀ।