Punjab Infoline

ਪੰਜਾਬੀ

ਕੈਨੇਡਾ ਦੇ ਪ੍ਰੈੱਸ ਗੈਲਰੀ ਡਿਨਰ ’ਚ ‘ਨਕਲੀ ਟਰੰਪ’ ਨਾਲ ਮੰਚ ’ਤੇ ਪਹੁੰਚੇ ਮਾਰਕ ਕਾਰਨੀ, ਸਿਆਸੀ ਤਨਜ਼ਾਂ ਨਾਲ ਲੁੱਟੀ ਮਹਿਫ਼ਲ

23 Nov, 2026 10:46 AM

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਫ਼ਤੇ ਦੇ ਅਖ਼ੀਰ ਵਿੱਚ ਪੱਤਰਕਾਰਾਂ ਨਾਲ ਸਾਲਾਨਾ ਡਿਨਰ ਦੌਰਾਨ ‘ਨਕਲੀ ਡੋਨਲਡ ਟਰੰਪ’ ਅਤੇ ਆਪਣੇ ਹੀ ਹਮਸ਼ਕਲ ਕਲਾਕਾਰ ਨਾਲ ਮੰਚ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਅਤੇ ਕੈਨੇਡੀਅਨ ਸਿਆਸਤਦਾਨਾਂ ’ਤੇ ਹਾਸੋਹੀਣੇ ਤਨਜ਼ ਕੱਸ ਕੇ ਮਹਿਫ਼ਲ ਲੁੱਟੀ।

ਸਾਲਾਨਾ ‘ਪਾਰਲੀਮੈਂਟਰੀ ਪ੍ਰੈੱਸ ਗੈਲਰੀ ਡਿਨਰ’ ਕੈਨੇਡਾ ਦਾ ਅਜਿਹਾ ਸਮਾਗਮ ਹੈ, ਜੋ ਵਾਸ਼ਿੰਗਟਨ ਦੇ ਸਿਆਸੀ ਹਾਸ-ਰਸ ਸਮਾਗਮ ਦੀ ਤਰਜ਼ ’ਤੇ ਕਰਵਾਇਆ ਜਾਂਦਾ ਹੈ। ਇਸ ਵਿੱਚ ਸਿਆਸਤਦਾਨ ਅਤੇ ਪੱਤਰਕਾਰ ਇੱਕ-ਦੂਜੇ ’ਤੇ ਹਲਕੇ-ਫੁਲਕੇ ਚੁਟਕਲੇ ਅਤੇ ਵਿਅੰਗ ਕਰਦੇ ਹਨ।

ਸ਼ਨਿੱਚਰਵਾਰ ਨੂੰ ਹੋਏ ਇਸ ਸਮਾਗਮ ਦੌਰਾਨ ਮਾਰਕ ਕਾਰਨੀ ਨੇ ਕਿਹਾ, “ਮੈਂ ਐਮਰਜੈਂਸੀ ਕਾਮੇਡੀ ਬਟਨ ਦੱਬ ਰਿਹਾ ਹਾਂ।” ਇਸ ਤੋਂ ਬਾਅਦ ਮਸ਼ਹੂਰ ਕਾਮੇਡੀਅਨ ਮਾਰਕ ਮੈਕਕਿਨੀ ਪ੍ਰਧਾਨ ਮੰਤਰੀ ਕਾਰਨੀ ਦੀ ਨਕਲ ਕਰਦੇ ਹੋਏ ਮੰਚ ’ਤੇ ਪਹੁੰਚੇ। ਉਨ੍ਹਾਂ ਦੇ ਪਿੱਛੇ-ਪਿੱਛੇ ਕਾਮੇਡੀਅਨ ਮਾਰਕ ਕ੍ਰਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭੇਸ ਵਿੱਚ ਆਏ।

ਮਾਰਕ ਕ੍ਰਿਚ ਨੇ ਮੰਚ ’ਤੇ ਕਾਰਨੀ ਅਤੇ ਮੈਕਕਿਨੀ ਨਾਲ ਟਰੰਪ ਦੇ ਖ਼ਾਸ ਅੰਦਾਜ਼ ਵਿੱਚ ਜ਼ੋਰਦਾਰ ਹੱਥ ਮਿਲਾਉਣ ਦੀ ਨਕਲ ਕੀਤੀ, ਜਿਸ ਨੇ ਉੱਥੇ ਮੌਜੂਦ ਲੋਕਾਂ ਨੂੰ ਖੂਬ ਹਸਾਇਆ।

ਇਸ ਦੌਰਾਨ ਕਾਰਨੀ ਨੇ ਵ੍ਹਾਈਟ ਹਾਊਸ ਦੇ ਓਵਲ ਆਫ਼ਿਸ ਦੀ ਨਵੀਂ ਸ਼ਾਨਦਾਰ ਸਜਾਵਟ ’ਤੇ ਵੀ ਵਿਅੰਗ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਦੇ ਨਵੇਂ ‘ਇੰਟੀਰੀਅਰ ਡੈਕੋਰੇਟਰ’ (ਟਰੰਪ) ਨਾਲ ਓਵਲ ਆਫ਼ਿਸ ਵਿੱਚ ਇਕੱਲੇ ਬੈਠ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਟਰੰਪ ਨੇ ਓਵਲ ਆਫ਼ਿਸ ਨੂੰ ਸੁਨਹਿਰੀ ਸਜਾਵਟਾਂ ਅਤੇ ਤਸਵੀਰਾਂ ਨਾਲ ਭਰ ਦਿੱਤਾ ਹੈ।

ਸਮਾਗਮ ਦੌਰਾਨ ਕੰਜ਼ਰਵੇਟਿਵ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਇਲੀਵਰੇ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਪੌਪ ਸਟਾਰ ਕੇਟੀ ਪੈਰੀ ਦੇ ਰਿਸ਼ਤੇ ਨੂੰ ਲੈ ਕੇ ਵੀ ਤਨਜ਼ ਕੱਸਿਆ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਟਰੂਡੋ ਇੱਕ “ਫਿੱਕੀ ਪੈ ਚੁੱਕੀ ਪੌਪ ਰਾਜਕੁਮਾਰੀ” ਨਾਲ ਉਹੀ ਕੁਝ ਕਰ ਰਹੇ ਹਨ, ਜੋ ਉਨ੍ਹਾਂ ਨੇ ਆਪਣੇ ਇੱਕ ਦਹਾਕੇ ਦੇ ਸੱਤਾ ਕਾਲ ਦੌਰਾਨ ਕੈਨੇਡਾ ਨਾਲ ਕੀਤਾ ਸੀ।

ਹਾਲਾਂਕਿ, ਸੋਸ਼ਲ ਮੀਡੀਆ ’ਤੇ ਪੋਇਲੀਵਰੇ ਦੀ ਇਸ ਟਿੱਪਣੀ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਕਈ ਲੋਕਾਂ ਨੇ ਇਸ ਨੂੰ ਕੇਟੀ ਪੈਰੀ ਪ੍ਰਤੀ ਅਪਮਾਨਜਨਕ ਅਤੇ ਲਿੰਗਕ ਵਿਤਕਰੇ ਵਾਲੀ ਸੋਚ ਕਰਾਰ ਦਿੱਤਾ ਹੈ।

ਦੂਜੇ ਪਾਸੇ, ਕੈਨੇਡਾ ਦੀ ਗਵਰਨਰ ਜਨਰਲ ਅਤੇ ਸਾਬਕਾ ਸੁਪਰੀਮ ਕੋਰਟ ਜੱਜ ਲੁਈਸ ਆਰਬਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਲਗਾਤਾਰ ਵਿਦੇਸ਼ੀ ਦੌਰਿਆਂ ’ਤੇ ਚੁਟਕੀ ਲਈ। ਉਨ੍ਹਾਂ ਕਿਹਾ, “ਕੀ ਤੁਸੀਂ ਰੱਬ ਅਤੇ ਮਾਰਕ ਕਾਰਨੀ ਵਿਚਕਾਰ ਫ਼ਰਕ ਜਾਣਦੇ ਹੋ? ਰੱਬ ਹਰ ਥਾਂ ਮੌਜੂਦ ਹੈ, ਜਦਕਿ ਮਾਰਕ ਕਾਰਨੀ ਓਟਵਾ- ਜਿੱਥੇ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ, ਨੂੰ ਛੱਡ ਕੇ ਬਾਕੀ ਹਰ ਥਾਂ ਮੌਜੂਦ ਹਨ।”

Latest News