Punjab Infoline

ਪੰਜਾਬੀ

ਕੈਨੇਡਾ ਦੇ ਹੈਮਿਲਟਨ ਗੁਰਦੁਆਰਾ ਸਾਹਿਬ ’ਚ ਦੋ ਧਿਰਾਂ ਵਿਚਾਲੇ ਝੜਪ, ਥੱਪੜਬਾਜ਼ੀ ਤੇ ਧੱਕਾ-ਮੁੱਕੀ ਦੌਰਾਨ ਉਤਰੀਆਂ ਦਸਤਾਰਾਂ

23 Nov, 2026 10:31 AM

ਕੈਨੇਡਾ ਦੇ ਗੁਰਦੁਆਰਿਆਂ ਵਿੱਚ ਪ੍ਰਬੰਧਕ ਕਮੇਟੀਆਂ ਵਿਚਕਾਰ ਚੱਲ ਰਹੇ ਵਿਵਾਦ ਘਟਣ ਦਾ ਨਾਂ ਨਹੀਂ ਲੈ ਰਹੇ। ਦੋ ਦਿਨ ਪਹਿਲਾਂ ਕਿਚਨਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਹੁਣ 22 ਨਵੰਬਰ ਨੂੰ ਹੈਮਿਲਟਨ ਦੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਵਿਖੇ ਦੋ ਧਿਰਾਂ ਵਿਚਕਾਰ ਟਕਰਾਅ ਹੋ ਗਿਆ। ਇਸ ਦੌਰਾਨ ਥੱਪੜਬਾਜ਼ੀ, ਧੱਕਾ-ਮੁੱਕੀ ਹੋਈ ਅਤੇ ਕੁਝ ਲੋਕਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ।

ਇਸ ਝਗੜੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਵਿਅਕਤੀ ਇੱਕ-ਦੂਜੇ ਦੇ ਗਲੇ ਫੜਦੇ, ਥੱਪੜ ਮਾਰਦੇ ਅਤੇ ਧੱਕਾ ਦਿੰਦੇ ਦਿਖਾਈ ਦੇ ਰਹੇ ਹਨ। ਹੈਮਿਲਟਨ ਦੇ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਦੇ ਬਾਬਾ ਤਜਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਸਾਰੇ ਮਿਲ-ਜੁਲ ਕੇ ਗੁਰੂ ਘਰ ਦੇ ਪ੍ਰਬੰਧ ਚਲਾਉਂਦੇ ਸਨ, ਪਰ ਹੁਣ ਅੰਦਰੂਨੀ ਮਤਭੇਦ ਇੰਨੇ ਵਧ ਗਏ ਹਨ ਕਿ ਮਾਮਲਾ ਹੱਥੋਪਾਈ ਅਤੇ ਹਿੰਸਾ ਤੱਕ ਪਹੁੰਚ ਗਿਆ ਹੈ।

ਬਾਬਾ ਤਜਿੰਦਰ ਸਿੰਘ ਅਨੁਸਾਰ, ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਗੁਰੂ ਘਰ ਦੇ ਅੰਦਰ ਜੁੱਤੀਆਂ ਨੂੰ ਵੀ ਹਥਿਆਰ ਵਜੋਂ ਵਰਤਿਆ ਜਾਣ ਲੱਗਾ, ਜੋ ਬੇਹੱਦ ਸ਼ਰਮਨਾਕ ਸਥਿਤੀ ਹੈ।

ਸੂਤਰਾਂ ਮੁਤਾਬਕ, ਇਸ ਵਿਵਾਦ ਪਿੱਛੇ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਆਪਣਾ ਦਬਦਬਾ ਕਾਇਮ ਕਰਨ ਦੀ ਇੱਛਾ ਅਤੇ ਗੋਲਕ ਦੇ ਫੰਡਾਂ ਦੇ ਪ੍ਰਬੰਧ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਮੁੱਖ ਕਾਰਨ ਹਨ।

ਕੈਨੇਡਾ ਵਿੱਚ ਵਸਦੇ ਭਾਰਤੀ ਅਤੇ ਸਿੱਖ ਭਾਈਚਾਰੇ ਵੱਲੋਂ ਇਸ ਘਟਨਾ ’ਤੇ ਭਾਰੀ ਰੋਸ ਪ੍ਰਗਟਾਇਆ ਗਿਆ ਹੈ। ਸਥਾਨਕ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਅਨੁਸ਼ਾਸਨਹੀਣਤਾ ਲਈ ਨਵੇਂ ਵਿਦਿਆਰਥੀਆਂ ਜਾਂ ਨੌਜਵਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਇਸ ਮਾਮਲੇ ਵਿੱਚ ਕਮੇਟੀ ਦੇ ਬਜ਼ੁਰਗਾਂ ਅਤੇ ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਨੇ ਹੀ ਗੁਰਦੁਆਰੇ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ।

Latest News