US Air Control System: ਅਮਰੀਕਾ ਦੇ ਹਵਾਈ ਸੰਚਾਰ ਸਿਸਟਮ ’ਚ ਖਰਾਬੀ, ਕੈਨੇਡਾ ਦੇ ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀ ਫਸੇ
ਅਮਰੀਕਾ ਦੇ ਹਵਾਈ ਸੰਚਾਰ ਸਿਸਟਮ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ (FAA) ਵੱਲੋਂ ਦੇਸ਼ ਭਰ ਦੀਆਂ ਉਡਾਣਾਂ ਰੋਕਣ ਤੋਂ ਬਾਅਦ ਕੈਨੇਡਾ ਨੇ ਵੀ ਅਮਰੀਕਾ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਇਸ ਕਾਰਨ ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀ ਫਸ ਗਏ ਹਨ।
ਅਮਰੀਕਾ ਦੇ ਏਅਰ ਰੂਟ ਟ੍ਰੈਫਿਕ ਕੰਟਰੋਲ ਕੇਂਦਰ ਵਿੱਚ ਆਈ ਖਰਾਬੀ ਕਾਰਨ ਉਡਾਣਾਂ ਰੋਕਣ ਸਬੰਧੀ ਉੱਥੋਂ ਦੇ ਟਰਾਂਸਪੋਰਟ ਸਕੱਤਰ ਸਾਨ ਡੱਫੀ ਨੇ ਜਾਣਕਾਰੀ ਦਿੱਤੀ। ਅਮਰੀਕਾ ਦੇ ਹਵਾਈ ਸੰਚਾਰ ਸਿਸਟਮ ਵਿੱਚ ਜਨਵਰੀ 2023 ਵਿੱਚ ਵੀ ਇਸੇ ਤਰ੍ਹਾਂ ਦੀ ਖਰਾਬੀ ਆਈ ਸੀ, ਜਿਸ ਨੂੰ ਕੁਝ ਸਮੇਂ ਬਾਅਦ ਠੀਕ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ 11 ਸਤੰਬਰ 2001 ਨੂੰ ਵੀ ਅਜਿਹੀ ਸਮੱਸਿਆ ਸਾਹਮਣੇ ਆਈ ਸੀ।
ਕੈਨੇਡਾ ਦੇ ਪ੍ਰਮੁੱਖ ਹਵਾਈ ਅੱਡਿਆਂ ’ਤੇ ਯਾਤਰੀ ਪ੍ਰੇਸ਼ਾਨ
ਕੈਨੇਡਾ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਰੱਦ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਵੈਨਕੂਵਰ, ਮੌਂਟਰੀਅਲ, ਕੈਲਗਰੀ, ਵਿਨੀਪੈੱਗ, ਐਡਮੰਟਨ, ਵਿਕਟੋਰੀਆ, ਓਟਵਾ ਅਤੇ ਐਬਟਸਫੋਰਡ ਸਮੇਤ ਪ੍ਰਮੁੱਖ ਹਵਾਈ ਅੱਡਿਆਂ ’ਤੇ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ।
ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਅਤੇ ਉਨ੍ਹਾਂ ਦੇ ਮੁੜ ਸ਼ੁਰੂ ਹੋਣ ਬਾਰੇ ਅਨਿਸ਼ਚਿਤਤਾ ਕਾਰਨ ਕੜਾਕੇ ਦੀ ਠੰਢ ਵਿੱਚ ਹਜ਼ਾਰਾਂ ਯਾਤਰੀ ਆਪਣੇ ਸਫ਼ਰ ਬਾਰੇ ਕੋਈ ਫ਼ੈਸਲਾ ਨਹੀਂ ਲੈ ਪਾ ਰਹੇ।
ਖ਼ਬਰ ਲਿਖੇ ਜਾਣ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਸੀ ਕਿ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਤਰਨ ਲਈ ਰਵਾਨਾ ਹੋ ਚੁੱਕੀਆਂ ਉਡਾਣਾਂ ਦਾ ਕੀ ਹੋਵੇਗਾ।
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਸੈਕਿੰਨਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਅਮਰੀਕਾ ਵਿੱਚ ਪੈਦਾ ਹੋਏ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਅਧਿਕਾਰੀ ਅਮਰੀਕੀ ਅਧਿਕਾਰੀਆਂ ਨਾਲ ਲਗਾਤਾਰ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਰਹੇ ਹਨ।
ਉਡਾਣਾਂ ਆਮ ਹੋਣ ਵਿੱਚ ਲੱਗ ਸਕਦੇ ਹਨ 12 ਤੋਂ 15 ਘੰਟੇ
ਦੇਰ ਰਾਤ FAA ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਕਿ ਸਿਸਟਮ ਵਿੱਚ ਆਈ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਹੈ ਅਤੇ ਥੋੜ੍ਹੀ ਦੇਰ ਬਾਅਦ ਪੜਾਅਵਾਰ ਉਡਾਣਾਂ ਨੂੰ ਮੁੜ ਆਗਿਆ ਦਿੱਤੀ ਜਾਵੇਗੀ।
ਹਾਲਾਂਕਿ, ਹਵਾਬਾਜ਼ੀ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਉਡਾਣਾਂ ਦੀ ਆਵਾਜਾਈ ਆਮ ਵਾਂਗ ਹੋਣ ਵਿੱਚ 12 ਤੋਂ 15 ਘੰਟੇ ਲੱਗ ਸਕਦੇ ਹਨ। ਉਨ੍ਹਾਂ ਅਨੁਸਾਰ, ਹਰੇਕ ਹਵਾਈ ਅੱਡੇ ’ਤੇ ਪਾਰਕਿੰਗ ਥਾਵਾਂ ਅਤੇ ਰਨਵੇਅ ਤੋਂ ਜਹਾਜ਼ਾਂ ਨੂੰ ਹਟਾਉਣ ਵਿੱਚ ਹੀ ਪੰਜ ਤੋਂ ਛੇ ਘੰਟੇ ਲੱਗ ਸਕਦੇ ਹਨ।
ਇਸ ਤੋਂ ਇਲਾਵਾ, ਕਈ ਪਾਇਲਟਾਂ ਦੇ ਕੰਮ ਦੇ ਨਿਰਧਾਰਤ ਘੰਟੇ ਪੂਰੇ ਹੋਣ ਕਾਰਨ ਉਨ੍ਹਾਂ ਦੀ ਥਾਂ ਹੋਰ ਪਾਇਲਟਾਂ ਦਾ ਪ੍ਰਬੰਧ ਕਰਨ ਵਿੱਚ ਵੀ ਦੇਰੀ ਹੋ ਸਕਦੀ ਹੈ। ਕੁਝ ਜਹਾਜ਼ਾਂ ਵਿੱਚ ਤੇਲ ਭਰਨ ਦੀ ਸਮੱਸਿਆ ਆ ਸਕਦੀ ਹੈ, ਜਦਕਿ ਹੋਰਨਾਂ ਲਈ ਗੇਟਾਂ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋਵੇਗਾ।