Jagraon Stamp Duty Scam: ਜਗਰਾਓਂ ’ਚ ਸਟੈਂਪ ਡਿਊਟੀ ਚੋਰੀ ਦੇ 103 ਮਾਮਲੇ, 133 ਖਰੀਦਦਾਰਾਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ ਦੇ ਜਗਰਾਓਂ ਇਲਾਕੇ ਵਿੱਚ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਦੌਰਾਨ ਸਟੈਂਪ ਡਿਊਟੀ ਦੀ ਕਥਿਤ ਚੋਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਰਾਏਕੋਟ ਤੋਂ ਬਾਅਦ ਹੁਣ ਤਹਿਸੀਲ ਜਗਰਾਓਂ ਅਤੇ ਸਬ ਤਹਿਸੀਲ ਸਿੱਧਵਾਂ ਬੇਟ ਵਿੱਚ ਵੀ ਰਜਿਸਟਰੀਆਂ ਦੌਰਾਨ ਸਟੈਂਪ ਡਿਊਟੀ ਦੀ ਕਥਿਤ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ।
ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕੱਲੇ ਜਗਰਾਓਂ ਤਹਿਸੀਲ ਵਿੱਚ 103 ਮਾਮਲਿਆਂ ਦੇ ਸਬੰਧ ਵਿੱਚ 133 ਜ਼ਮੀਨ ਖਰੀਦਦਾਰਾਂ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸਬ ਤਹਿਸੀਲ ਸਿੱਧਵਾਂ ਬੇਟ ਵਿੱਚ ਵੀ 31 ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ਮਾਮਲਿਆਂ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਸਮੇਂ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਹੋਣ ਵਾਲੀ ਸਟੈਂਪ ਡਿਊਟੀ ਦੀ ਕਥਿਤ ਚੋਰੀ ਜਾਂ ਘੱਟ ਅਦਾਇਗੀ ਕਰਨ ਦੇ ਦੋਸ਼ ਹਨ।
ਸਿੱਧਵਾਂ ਬੇਟ ਵਿੱਚ ਵੀ ਸਾਹਮਣੇ ਆਏ 31 ਮਾਮਲੇ
ਸਬ ਤਹਿਸੀਲ ਸਿੱਧਵਾਂ ਬੇਟ ਵੀ ਹੁਣ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਇੱਥੇ ਸਟੈਂਪ ਡਿਊਟੀ ਨਾਲ ਸਬੰਧਤ 31 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਮਿਲੀ ਹੈ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਮਾਮਲਾ ਸਿਰਫ਼ ਇੱਕ ਤਹਿਸੀਲ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਦਾਇਰਾ ਹੋਰ ਇਲਾਕਿਆਂ ਤੱਕ ਵੀ ਫੈਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਏਕੋਟ ਵਿੱਚ ਵੀ ਜ਼ਮੀਨਾਂ ਦੀਆਂ ਰਜਿਸਟਰੀਆਂ ਦੌਰਾਨ ਸਟੈਂਪ ਡਿਊਟੀ ਦੀ ਕਥਿਤ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਜਗਰਾਓਂ ਅਤੇ ਸਿੱਧਵਾਂ ਬੇਟ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਰਜਿਸਟਰੀ ਪ੍ਰਕਿਰਿਆ ਦੀ ਜਾਂਚ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਇਸ ਸਬੰਧੀ ਐੱਸਐੱਚਓ ਸਿਟੀ ਜਗਰਾਓਂ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਦਰਜ ਵਸੀਕਿਆਂ ਦੇ ਮਾਮਲਿਆਂ ਵਿੱਚ ਖਰੀਦਦਾਰਾਂ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।