Punjab Infoline

ਪੰਜਾਬੀ

ਅੱਜ ਫਤਿਹਵੀਰ ਨੀ ਪੰਜਾਬ ਮਰਿਆ - ਜਸਵਿੰਦਰ ਰਿਖੀ

13 Jun, 2019 05:30 AM

ਧੂਰੀ,13 ਜੂਨ (ਮਹੇਸ਼ ਜਿੰਦਲ) ਅੱਜ 2 ਸਾਲਾਂ ਬੱਚੇ ਫਤਿਹਵੀਰ ਸਿੰਘ ਦੀ ਮੌਤ ਤੇ ਦੁੱਖ ਜਾਹਿਰ ਕਰਦਿਆ ਸਵ. ਸ੍ਰ. ਸੁੱਖਦੇਵ ਸਿੰਘ ਰਿਖੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਰਿਖੀ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਆ ਕਿ ਅੱਜ 2 ਸਾਲ ਦਾ ਫਤਿਹ ਸਿਆਸਤ ਦੀ ਭੇਟ ਚੜ ਗਿਆ। ਮੌਤ ਤਾਂ ਕਿਸੇ ਨੂੰ ਕਿਸੇ ਵੀ ਉਮਰ 'ਚ ਆ ਸਕਦੀ ਹੈ ਗੱਲ ਮੌਤ ਦੀ ਨਹੀਂ ਗੱਲ ਇਹ ਹੈ ਕਿ ਕੋਈ ਕਿਵੇਂ ਮਰਿਆ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਲੱਗ ਗਿਆ ਹੈ ਕਿ ਫਤਿਹਵੀਰ ਨੂੰ ਮੌਤ ਆਈ ਨਹੀਂ ਸੀ ਉਸਨੂੰ ਮੌਤ ਦਿੱਤੀ ਗਈ ਹੈ। ਇਹ ਮੌਤ ਦਿੱਤੀ ਨਾਕਾਮ ਪ੍ਰਸਾਸ਼ਨ ਨੇ , ਨਿਕੰਮੀ ਸਰਕਾਰ ਨੇ , ਅੱਯਾਸ਼ ਤੇ ਬੇਅਕਲ ਮੁੱਖਮੰਤਰੀ ਨੇ ! ਜੇ ਫਤਿਹ ਦੀ ਜਗਾ ਕਿਸੇ ਮੰਤਰੀ , ਐਮ.ਐਲ.ਏ ਦਾ ਬੱਚਾ ਹੁੰਦਾ ਤਾਂ 2 ਘੰਟੇ ਚ ਬਾਹਰ ਕੱਢ ਦੇਣਾ ਸੀ । ਪਰ ਇਹ ਸਰਕਾਰਾਂ , ਇਹ ਮੁੱਖਮੰਤਰੀ ਤਾਂ ਅਸੀਂ ਚੁਣਦੇ ਹਾਂ ਫੇਰ ਅਸਲ ਜੁੰਮੇਵਾਰ ਕੌਣ ਹੋਇਆ। ਕਦੇ ਪੁਲਿਸ ਕਿਸੇ ਦਾ ਜਵਾਨ ਪੁੱਤ ਚੱਕ ਕੇ ਖਪਾ ਦਿੰਦੀ ਹੈ , ਕਦੇ ਕਿਸੇ ਬੱਚੀ ਨਾਲ ਬਲਾਤਕਾਰ ਹੋ ਜਾਂਦਾ ਹੈ। ਅਸੀਂ ਲੋਕ ਫੇਸਬੁੱਕ ਭਰ ਦਿੰਦੇ ਹਾਂ , ਧਰਨੇ ਮੁਜ਼ਾਹਰਿਆਂ ਤੇ ਭੀੜ ਬਣ ਕੇ ਜਾ ਪਹੁੰਚਦੇ ਹਾਂ , ਫਿਰ ਓਥੇ ਧੜਿਆਂ 'ਚ ਵੰਡੇ ਜਾਨੇਂ ਆਂ , ਆਪੋ ਆਪਣੀਆਂ ਚੌਧਰਾਂ ਚਮਕਾਉਣ ਲੱਗ ਜਾਨੇਂ ਆਂ , ਮੋਰਚਾ ਫੇਲ੍ਹ ਹੋ ਜਾਂਦਾ ਹੈ ਆਖਿਰਕਾਰ ਕੋਈ ਹੀਣਾ ਜਿਹਾ ਸਮਝੌਤਾ ਹੋ ਜਾਂਦਾ ਹੈ । ਜਿੰਨਾ ਚਿਰ ਹਰ ਇਨਸਾਨ ਆਪਣੇ ਆਪ ਚੋਂ ਨਿਕਲ ਕੇ ਸਮਾਜ ਬਾਰੇ ਨੀ ਸੋਚਦਾ ਆਪਣੇ ਅੰਦਰ ਇਨਸਾਨੀਅਤ ਦਾ ਬੀਜ ਨਹੀਂ ਲਾਉਦਾ ਓਹਨਾਂ ਟਾਇਮ ਇਹ ਸਭ ਏਵੇ ਹੀ ਹੁੰਦਾ ਰਹਿਣਾ । ਇਹ ਲੀਡਰ ਵੋਟਾਂ ਟਾਇਮ ਆਉਂਦੇ ਵੱਡੇ ਵੱਡੇ ਲਾਰੇ ਲਾਉਂਦੇ ਤੇ ਆਪਾਂ ਫਿਰ ਇਹਨਾਂ ਦੀਆਂ ਗੱਲਾਂ ਚ ਆ ਕੇ ਇਹ ਗੰਦੇ ਲੋਕਾਂ ਚੁਣ ਲੈਂਦੇ ਹਾਂ। ਕੋਈ ਪੱਕੀ ਨੋਕਰੀ ਲਈ , ਕੋਈ ਕਰਜਾ ਮਾਫੀ ਲਈ , ਕੋਈ ਬਿਲ ਮਾਫ ਲਈ , ਕੋਈ ਆਟਾ ਦਾਲ ਲਈ , ਕੋਈ ਸਮਾਰਟ ਫੋਨ ਲਈ ਵੋਟ ਕਰਦਾ । ਪਰ ਕਦੇ ਕਿਸੇ ਨੇ ਸਿਹਤ , ਸਿੱਖਿਆ ਤੇ ਸੁਰੱਖਿਆ ਦੀ ਮੰਗ ਕਰਕੇ ਕਦੇ ਵੋਟ ਨੀ ਪਾਈ । ਹੁਣੇ ਹੁਣੇ ਚੋਣਾਂ ਹੋ ਕੇ ਹਟੀਆਂ ਨੇ , ਕੇਂਦਰ ਸਰਕਾਰ ਵੀ ਅਸੀਂ ਚੁਣੀ ਹੈ , ਸੂਬਾ ਸਰਕਾਰ ਵੀ ਸਾਡੀ ਚੋਣ ਹੈ , ਹੁਣ ਰੋਦੇਂ ਕਿਉਂ ਹੋ ? ਮਾਣ ਕਰੋ ਆਪਣੀ ਆਪਣੀ ਚੋਣ ਤੇ ! ਯਾਦ ਰੱਖਿਓ ਫਤਿਹਵੀਰ ਕਿਸੇ ਰਾਜਨੀਤਕ ਪਾਰਟੀ ਦਾ ਕਾਰਕੁੰਨ ਨਹੀਂ ਸੀ , ਉਸਦੀ ਵੋਟ ਨਹੀਂ ਬਣੀ ਸੀ , ਉਸਨੂੰ ਤਾਂ ਰਾਜਨੀਤੀ ਸ਼ਬਦ ਬੋਲਣਾਂ ਵੀ ਨਹੀਂ ਆਉਂਦਾ ਸੀ ਪਰ ਉਹ ਮਰ ਕੇ ਰਾਜਨੀਤਕ ਹੋ ਗਿਆ , ਮਾਫ਼ ਕਰਨਾ ਉਹ ਮਰਿਆ ਨਹੀਂ ਸ਼ਹੀਦ ਹੋਇਆ ਹੈ ਸਾਨੂੰ ਸਭ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਮੈਂ ਤਾਂ ਬੋਰ ਵੈੱਲ 'ਚ ਗਲਤੀ ਨਾਲ , ਬਾਲਪਣ 'ਚ ਡਿੱਗ ਪਿਆ ਸੀ ਪਰ ਤੁਸੀਂ ਤਾਂ ਉਹ ਖੂਹ ਆਪਣੇ ਹੱਥੀਂ ਆਪ ਪੱਟੇ ਨੇ ਜਿੰਨਾਂ 'ਚ ਤੁਸੀਂ ਡਿੱਗ ਚੁੱਕੇ ਹੋ , ਮੌਤ ਤੁਹਾਡੀ ਵੀ ਨਿਸ਼ਚਿਤ ਹੈ ।

Posted By: MAHESH JINDAL

Latest News