Punjab Infoline

ਪੰਜਾਬੀ

ਹਰਿਆਣਾ ਦੇ ਸਾਬਕਾ ਮੰਤਰੀ ਦੇ ਪੁੱਤ ਗਗਨਜੋਤ ਸੰਧੂ ਨੇ ਫਾਰਮ ਹਾਊਸ ’ਚ ਕਥਿਤ ਤੌਰ ’ਤੇ ਕੀਤੀ ਖੁਦਕੁਸ਼ੀ

12 Sep, 2026 11:08 AM

ਹਰਿਆਣਾ ਦੇ ਸਾਬਕਾ ਮੰਤਰੀ ਸਵ. ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ ਨੇ ਸ਼ੁੱਕਰਵਾਰ ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਪਖਰਾਲੀ ਸਥਿਤ ਆਪਣੇ ਫਾਰਮ ਹਾਊਸ ’ਚ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਗਗਨਜੋਤ ਸ਼ੁੱਕਰਵਾਰ ਸਵੇਰੇ ਹੀ ਰੋਪੜ ਪਹੁੰਚੇ ਸਨ ਅਤੇ ਘਟਨਾ ਸਮੇਂ ਫਾਰਮ ਹਾਊਸ ’ਚ ਇਕੱਲੇ ਸਨ।

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ। ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਪੁਲਿਸ ਨੇ ਲਾਸ਼ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਅੱਜ ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਰੋਪੜ ਸਦਰ ਥਾਣੇ ਦੇ ਐੱਸਐੱਚਓ ਸਨੀ ਖੰਨਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਸਬੰਧੀ ਹੋਰ ਜਾਣਕਾਰੀ ਦਿੱਤੀ ਜਾ ਸਕੇਗੀ।

ਦੋ ਵਾਰ ਰਹਿ ਚੁੱਕੇ ਸਨ ਸਰਪੰਚ

ਦੱਸ ਦਈਏ ਕਿ ਗਗਨਜੋਤ ਸੰਧੂ ਕੁਰੂਕਸ਼ੇਤਰ ਦੇ ਪਿੰਡ ਗੁਮਥਲਾ ਗੜ੍ਹੂ ਤੋਂ ਦੋ ਵਾਰ ਸਰਪੰਚ ਰਹਿ ਚੁੱਕੇ ਸਨ। ਉਨ੍ਹਾਂ ਦੇ ਪਿਤਾ ਜਸਵਿੰਦਰ ਸਿੰਘ ਸੰਧੂ ਪਿਹੋਵਾ ਤੋਂ ਚਾਰ ਵਾਰ ਵਿਧਾਇਕ ਰਹੇ ਸਨ। ਓਪੀ ਚੌਟਾਲਾ ਦੀ ਸਰਕਾਰ ਦੌਰਾਨ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਸੀ। ਸਾਲ 2019 ਵਿੱਚ ਲਿਵਰ ਕੈਂਸਰ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

Posted By: Punjab Infoline Bureau

Latest News