ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਨੂੰ ਵੱਡੀ ਕਾਮਯਾਬੀ, ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਮੋਲਦੋਵਾ ਤੋਂ ਪੰਜਾਬ ਲਿਆਂਦਾ
ਪੰਜਾਬ ਸਰਕਾਰ ਦੀ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਅੰਮ੍ਰਿਤ ਦਾਲਮ ਉਰਫ਼ ਅੰਮ੍ਰਿਤਪਾਲ ਸਿੰਘ ਨੂੰ ਮੋਲਦੋਵਾ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਪੰਜਾਬ ਪੁਲਿਸ ਦੀ OFTEC ਟੀਮ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਇਹ ਕਾਰਵਾਈ ਕੀਤੀ।
ਪੁਲਿਸ ਮੁਤਾਬਕ ਅਮ੍ਰਿਤ ਦਾਲਮ ਅਕਤੂਬਰ 2024 ਵਿੱਚ ਫਰਜ਼ੀ ਪਾਸਪੋਰਟ ’ਤੇ ਭਾਰਤ ਤੋਂ ਫਰਾਰ ਹੋ ਗਿਆ ਸੀ। ਉਸ ਨੂੰ ਮੋਲਦੋਵਾ ਦੇ Otaci ਬਾਰਡਰ ਕ੍ਰਾਸਿੰਗ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।
11 ਸਤੰਬਰ ਨੂੰ ਪੰਜਾਬ ਪੁਲਿਸ ਨੇ ਲਿਆ ਕਸਟਡੀ ਵਿੱਚ
ਪੰਜਾਬ ਪੁਲਿਸ ਦੀ 4 ਮੈਂਬਰੀ ਟੀਮ ਨੇ 11 ਸਤੰਬਰ ਨੂੰ ਮੋਲਦੋਵਾ ਏਅਰਪੋਰਟ ’ਤੇ ਅੰਮ੍ਰਿਤ ਦਾਲਮ ਨੂੰ ਆਪਣੀ ਕਸਟਡੀ ਵਿੱਚ ਲਿਆ ਅਤੇ ਉਸ ਨੂੰ ਭਾਰਤ ਲਿਆਂਦਾ। AGTF ਅਤੇ OFTEC ਵੱਲੋਂ ਕਰੀਬ 6 ਮਹੀਨੇ ਤੱਕ ਚਲਾਏ ਗਏ ‘ਆਪਰੇਸ਼ਨ ਈਸਟਰਨ ਰੀਚ’ ਤਹਿਤ ਇਹ ਕਾਰਵਾਈ ਕੀਤੀ ਗਈ।
ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਸਾਂਝੀ ਕਾਰਵਾਈ ਦੌਰਾਨ ਅਮ੍ਰਿਤ ਦਾਲਮ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਗਿਆ ਸੀ।
21 ਅਪਰਾਧਿਕ ਮਾਮਲੇ ਦਰਜ
ਪੁਲਿਸ ਮੁਤਾਬਕ ਅਮ੍ਰਿਤ ਦਾਲਮ ਖ਼ਿਲਾਫ਼ ਕਤਲ, ਆਰਮਜ਼ ਐਕਟ, ਐੱਨਡੀਪੀਐੱਸ, ਯੂਏਪੀਏ ਅਤੇ ਜਬਰੀ ਵਸੂਲੀ ਸਮੇਤ 21 ਅਪਰਾਧਿਕ ਮਾਮਲੇ ਦਰਜ ਹਨ।
Posted By: Punjab Infoline Bureau