ਕਿਸਾਨ ਨਰਿੰਦਰ ਸਿੰਘ ਕਟਾਣਾ ਸਾਹਿਬ ਨੇ ਤਿੰਨ ੩ ਸਾਲਾਂ ਤੋਂ ਪਰਾਲੀ ਨਾ ਫੂਕ ਕੇ ਖੇਤੀ ਨੂੰ ਸਮੇਂ ਅਨੁਸਾਰ ਢਾਲਿਆ

ਹਵਾ-ਪਾਣੀ ਨੂੰ ਸਾਂਭਣ ਵਿੱਚ ਵੀ ਪਾਇਆ ਯੋਗਦਾਨ, ਵਾਤਾਵਰਣ ਸੰਭਾਲ ਪ੍ਰਤੀ ਦਿਲਚਸਪੀ ਦਿਖਾਉਣ ਕਰਕੇ ਸਫਲ ਕਿਸਾਨਾਂ ਦੀ ਸੂਚੀ ਵਿੱਚ ਸ਼ਾਮਲਦੋਰਾਹਾ, 26 ਅਕਤੂਬਰ ( ਅਮਰੀਸ਼ ਆਨੰਦ )-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲੀ ਵਿਭਿੰਨਤਾ ਤਹਿਤ ਜੇਕਰ ਕਿਸਾਨ ਰਵਾਇਤੀ ਫਸਲਾਂ ਕਣਕ-ਝੋਨਾ ਨਹੀਂ ਛੱਡਦਾ ਤਾਂ ਖੇਤੀ ਵਿੱਚ ਨਵੀਨਤਮ ਤਕਨੀਕਾਂ ਅਪਣਾ ਕੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਅਤੇ ਖੇਤੀ ਖਰਚਿਆਂ ਨੂੰ ਘਟਾ ਕੇ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਇਨ੍ਹਾਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ ਜਦੋਂ ਖੇਤੀ ਪਸਾਰ ਸੇਵਾਵਾਂ ਦਾ ਲਾਹਾ ਲੈ ਕੇ ਬਲਾਕ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੇ ਕਿਸਾਨ ਨਰਿੰਦਰ ਸਿੰਘ ਪਿੰਡ ਕਟਾਣਾ ਸਾਹਿਬ ਨੇ ਝੋਨੇ ਦੀ ਸਿੱਧੀ ਬਿਜਾਈ, ਹੈਪੀ ਸੀਡਰ ਨਾਲ ਕਣਕ ਦੀ ਕਾਸ਼ਤ, ਛੋਲਿਆਂ ਅਤੇ ਸਰੋਂ ਦੀ ਕਾਸ਼ਤ ਨੂੰ ਸਫਲਤਾ ਪੂਰਵਕ ਅਮਲੀ ਜਾਮਾ ਪਹਿਨਾਇਆ। ਇਹ ਕਿਸਾਨ ੨ ਏਕੜ ਆਪਣੀ ਅਤੇ ਬਾਕੀ ੩ ਏਕੜ ਠੇਕੇ 'ਤੇ ਲੈ ਕੇ ਖੇਤੀ ਕਰਦਾ ਹੈ। ਉਹ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਰਾਮਪੁਰ ਪਾਸੋਂ ਹੀ ਟ੍ਰੈਕਟਰ ਅਤੇ ਮਸ਼ੀਨਰੀ ਕਿਰਾਏ ਤੇ ਲੈ ਕੇ ਖੇਤੀ ਕਰਦਾ ਹੈ। ਇਸ ਕਿਸਾਨ ਨਰਿੰਦਰ ਸਿੰਘ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਦੋਰਾਹਾ ਦੇ ਖੇਤੀ ਟੈਕਨੋਕਰੇਟ ਨਾਲ ਬਹੁਤ ਚੰਗੇ ਸਬੰਧ ਬਣਾਏ ਹੋਏ ਹਨ। ਵਿਭਾਗ ਦੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਸ਼ਮੂਲੀਅਤ ਕਰਨ ਉਪ੍ਰੰਤ ਉਸਨੇ ਬੀਤੇ ੩ ਸਾਲਾਂ ਤੋਂ ਕਦੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਹਾੜੀ ੨੦੧੯ ਤੋਂ ਹੈਪੀ ਸੀਡਰ ਮਸ਼ੀਨ ਨਾਲ ਬਿਜਾਈ ਕਰਨ ਦਾ ਮਨ ਬਣਾਇਆ। ਲਗਭਗ ੪ ਏਕੜ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਅਤੇ ਸਫਲਤਾ ਪੂਰਵਕ ੨੪ ਕੁਇੰਟਲ ਦਾ ਝਾੜ ਪ੍ਰਾਪਤ ਕੀਤਾ। ਉਸਨੇ ਸਰ੍ਹੋਂ ਅਤੇ ਛੋਲਿਆਂ ਦੀ ਕਾਸ਼ਤ ਕਰਕੇ ਵਧੀਆ ਝਾੜ ਪ੍ਰਾਪਤ ਕੀਤਾ। ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਵਾਤਾਵਾਰਣ ਅਤੇ ਪਾਣੀ ਬਚਾਉਣ ਵਿੱਚ ਯੋਗਦਾਨ ਪਾਉਂਦਿਆਂ ਹੋਇਆ ਸਾਉਣੀ ੨੦੨੦ ਵਿੱਚ ੩ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਫਲਤਾ ਪੂਰਵਕ ਕੀਤੀ ਜਿਸ ਦਾ ਝਾੜ ਪਨੀਰੀ ਰਾਹੀਂ ਬੀਜੇ ਝੋਨੇ ਤੋਂ ਵਧੀਆ ਹੋਣ ਦੀ ਸੰਭਾਵਨਾ ਹੈ। ਬਲਾਕ ਦੋਰਾਹਾ ਦੇ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਵੱਲੋਂ ਉਸ ਦੇ ਖੇਤ ਦਾ ਦੌਰਾ ਕੀਤਾ ਗਿਆ ਅਤੇ ਫਸਲ ਦੀ ਵਧੀਆ ਹਾਲਤ ਵੇਖ ਕੇ ਉਸਦੀ ਹੌਸਲਾ ਅਫਜਾਈ ਵੀ ਕੀਤੀ। ਵਿਭਾਗ ਵੱਲੋਂ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਪ੍ਰਤੀ ਦਿਲਚਸਪੀ ਦਿਖਾਉਣ ਕਰਕੇ ਉਸ ਨੂੰ ਸਫਲ ਕਿਸਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਖੇਤੀਬਾੜੀ ਵਿਕਾਸ ਅਫ਼ਸਰ ਸਰਕਲ ਰਾਮਪੁਰ ਡਾ. ਬੂਟਾ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਨਰਿੰਦਰ ਸਿੰਘ ਨੇ ਛੋਟਾ ਕਿਸਾਨ ਹੁੰਦਿਆਂ ਹੋਇਆ ਥੋੜੇ ਸਮੇਂ ਵਿੱਚ ਆਪਣੀ ਖੇਤੀ ਨੂੰ ਸਮੇਂ ਦੀ ਲੋੜ ਅਨੁਸਾਰ ਢਾਲਿਆ ਹੈ ਅਤੇ ਹਵਾ-ਪਾਣੀ ਨੂੰ ਸਾਂਭਣ ਵਿੱਚ ਆਪਣਾ ਯੋਗਦਾਨ ਪਾਇਆ ਹੈ, ਨਾਲ ਹੀ ਆਪਣੇ ਖੇਤੀ ਖਰਚੇ ਘਟਾਏ ਹਨ, ਉਸੇ ਤਰ੍ਹਾਂ ਇਲਾਕੇ ਦੇ ਸਮੁੱਚ ਛੋਟੇ ਕਿਸਾਨਾਂ ਨੂੰ ਵੀ ਇਸ ਤੋਂ ਸੇਧ ਲੈ ਕੇ ਆਪਣੀ ਰਵਾਇਤੀ ਖੇਤੀ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਅਤੇ ਵਾਤਾਵਰਣ ਨੂੰ ਸੰਭਾਲਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।