ਅੰਮ੍ਰਿਤਸਰ ’ਚ 3 ਹਥਿਆਰ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼, 15 ਪਿਸਤੌਲ ਬਰਾਮਦ
Illegal Arms Supply Network: ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਗ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਆਧੁਨਿਕ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਸ ਕਾਰਵਾਈ ਦੌਰਾਨ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼ ਹੋਇਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ ਉਰਫ਼ ਸੁੱਖਾ (20) ਵਾਸੀ ਪਿੰਡ ਪਾਟੋ ਹੀਰਾ ਸਿੰਘ, ਮੋਗਾ, ਭੱਲਾ ਸਿੰਘ (26) ਵਾਸੀ ਪਿੰਡ ਮਾਣੂਕੇ ਗਿੱਲ, ਮੋਗਾ, ਗੌਤਮ ਸਿੰਘ ਉਰਫ਼ ਬਿੱਲਾ (23) ਵਾਸੀ ਪਿੰਡ ਅਹਿਮਦਪੁਰਾ, ਤਰਨ ਤਾਰਨ, ਮਨਵੀਰ ਸਿੰਘ ਉਰਫ਼ ਗੁਰਵੀਰ ਸਿੰਘ (24) ਵਾਸੀ ਵਿਸ਼ਾਲ ਨਗਰ, ਲੁਧਿਆਣਾ, ਜਸਕਰਨਦੀਪ ਸਿੰਘ ਉਰਫ਼ ਜੱਸਾ (23) ਵਾਸੀ ਪਿੰਡ ਭੁੱਚਰ ਕਲਾਂ, ਤਰਨ ਤਾਰਨ ਵਜੋਂ ਹੋਈ ਹੈ।
ਇਸ ਤੋਂ ਇਲਾਵਾ ਸਿਮਰਨਜੀਤ ਸੰਧੂ ਉਰਫ਼ ਬਿੱਲਾ (27) ਵਾਸੀ ਨੀਵੇਂ ਤੁੰਗ, ਅੰਮ੍ਰਿਤਸਰ, ਅਭੀ ਉਰਫ਼ ਬਾਵਾ (25) ਵਾਸੀ ਵੱਡਾ ਹਰੀਪੁਰਾ, ਅੰਮ੍ਰਿਤਸਰ ਅਤੇ ਇੱਕ 17 ਸਾਲਾ ਨਾਬਾਲਗ ਨੂੰ ਵੀ ਕਾਬੂ ਕੀਤਾ ਗਿਆ ਹੈ।
15 ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ
ਪੁਲਿਸ ਮੁਤਾਬਕ ਬਰਾਮਦ ਕੀਤੇ ਹਥਿਆਰਾਂ ਵਿੱਚ ਤਿੰਨ .30 ਬੋਰ ਬੇਰੇਟਾ, ਜੋ ਇਟਲੀ ਦੇ ਬਣੇ ਦੱਸੇ ਗਏ ਹਨ, ਇੱਕ .30 ਬੋਰ ਪੀਐਕਸ5 ਸਟੌਰਮ, ਇੱਕ .30 ਬੋਰ ਚੀਨ ਦਾ ਬਣਿਆ ਪਿਸਤੌਲ, ਅੱਠ .30 ਬੋਰ ਅਤੇ ਦੋ .32 ਬੋਰ ਦੇ ਪਿਸਤੌਲ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 15 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਟੀਮਾਂ ਨੇ ਅਪਰਾਧਿਕ ਗਤੀਵਿਧੀਆਂ ਲਈ ਵਰਤੀਆਂ ਜਾ ਰਹੀਆਂ ਮੁਲਜ਼ਮਾਂ ਦੀਆਂ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ।
ਵਿਦੇਸ਼ੀ ਹਥਿਆਰ ਤਸਕਰਾਂ ਨਾਲ ਕਥਿਤ ਸਬੰਧ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ੀ ਹਥਿਆਰ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਗੈਰ-ਕਾਨੂੰਨੀ ਹਥਿਆਰ ਖਰੀਦ ਕੇ ਅੱਗੇ ਸਪਲਾਈ ਕਰ ਰਹੇ ਸਨ। ਜਾਂਚ ਦੌਰਾਨ ਮੁਲਜ਼ਮਾਂ ਦੇ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਨਾਲ ਸਬੰਧ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕੀਤੇ ਜਾ ਰਹੇ ਹਨ ਅਤੇ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਪਹਿਲੇ ਆਪ੍ਰੇਸ਼ਨ ਵਿੱਚ ਦੋ ਵਿਅਕਤੀ ਕਾਬੂ
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਖ਼ਤਾ ਇਤਲਾਹ ਅਤੇ ਯੋਜਨਾਬੱਧ ਜਾਂਚ ਤੋਂ ਬਾਅਦ ਪੁਲਿਸ ਟੀਮਾਂ ਨੇ ਕਾਰ ਵਿੱਚ ਜਾ ਰਹੇ ਸਤਨਾਮ ਸਿੰਘ ਉਰਫ਼ ਸੁੱਖਾ ਅਤੇ ਭੱਲਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਪੰਜ ਪਿਸਤੌਲਾਂ ਸਮੇਤ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਦੂਜੇ ਆਪ੍ਰੇਸ਼ਨ ਵਿੱਚ ਤਿੰਨ ਮੁਲਜ਼ਮ ਗ੍ਰਿਫ਼ਤਾਰ
ਸੀਪੀ ਹਰਮਨਬੀਰ ਸਿੰਘ ਗਿੱਲ ਮੁਤਾਬਕ ਇੱਕ ਹੋਰ ਆਪ੍ਰੇਸ਼ਨ ਵਿੱਚ ਪੁਲਿਸ ਨੇ ਗੌਤਮ ਉਰਫ਼ ਬਿੱਲਾ, ਮਨਵੀਰ ਉਰਫ਼ ਗੁਰਵੀਰ ਸਿੰਘ ਅਤੇ ਜਸਕਰਨਦੀਪ ਉਰਫ਼ ਜੱਸਾ ਨੂੰ ਸੱਤ ਗੈਰ-ਕਾਨੂੰਨੀ ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਉਨ੍ਹਾਂ ਦੀ ਕਾਰ ਵੀ ਜ਼ਬਤ ਕੀਤੀ ਗਈ।
ਤੀਜੇ ਆਪ੍ਰੇਸ਼ਨ ਵਿੱਚ ਤਿੰਨ ਹੋਰ ਕਾਬੂ
ਤੀਜੇ ਆਪ੍ਰੇਸ਼ਨ ਵਿੱਚ ਪੁਖ਼ਤਾ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸਿਮਰਨਜੀਤ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਉਸਦੇ ਸਾਥੀ ਅਭੀ ਉਰਫ਼ ਬਾਵਾ ਅਤੇ ਇੱਕ ਨਾਬਾਲਗ ਨੂੰ ਵੀ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਜਾਂਚ ਦੌਰਾਨ ਇਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਗਏ।
ਸੀਪੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਇੱਕ ਸਾਂਝੇ ਸਰੋਤ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਕੇ ਇਨ੍ਹਾਂ ਨੂੰ ਅੱਗੇ ਸਪਲਾਈ ਕਰ ਰਹੇ ਸਨ।
ਤਿੰਨ ਵੱਖ-ਵੱਖ ਕੇਸ ਦਰਜ
ਇਸ ਸਬੰਧ ਵਿੱਚ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਐਫਆਈਆਰ ਨੰਬਰ 184 ਮਿਤੀ 02.10.2026 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(6,7,8) ਤਹਿਤ ਪੁਲਿਸ ਥਾਣਾ ਛਾਉਣੀ ਵਿਖੇ ਦਰਜ ਕੀਤੀ ਗਈ ਹੈ।
ਇਸੇ ਤਰ੍ਹਾਂ ਐਫਆਈਆਰ ਨੰਬਰ 301 ਮਿਤੀ 03.10.2026 ਨੂੰ ਅਸਲਾ ਐਕਟ ਦੀ ਧਾਰਾ 25(8) ਤਹਿਤ ਪੁਲਿਸ ਸਟੇਸ਼ਨ ਇਸਲਾਮਾਬਾਦ ਵਿਖੇ ਅਤੇ ਐਫਆਈਆਰ ਨੰਬਰ 235 ਮਿਤੀ 4.10.2026 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25(6,7,8) ਤਹਿਤ ਪੁਲਿਸ ਸਟੇਸ਼ਨ ਛੇਹਰਟਾ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।