Punjab Infoline

ਪੰਜਾਬੀ

ਤਰਨਤਾਰਨ ASI ਕਤਲ ਮਾਮਲੇ ’ਚ ਜ਼ੀਰਕਪੁਰ ਦੇ ਹੋਟਲ ’ਚ ਐਨਕਾਊਂਟਰ, ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਗ੍ਰਿਫ਼ਤਾਰ

21 Nov, 2026 09:17 AM

ਤਰਨਤਾਰਨ ਦੇ ਏਐਸਆਈ ਇਕਬਾਲ ਸਿੰਘ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਵੱਡੀ ਕਾਰਵਾਈ ਕੀਤੀ ਹੈ। ਵੀਰਵਾਰ ਨੂੰ AGTF ਦੀ ਟੀਮ ਨੇ ਮੁਹਾਲੀ ਦੇ ਜ਼ੀਰਕਪੁਰ ਸਥਿਤ ਇੱਕ ਹੋਟਲ ਵਿੱਚ ਮੁਕਾਬਲੇ ਤੋਂ ਬਾਅਦ ਮਾਮਲੇ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ।

ਇਹ ਮੁਕਾਬਲਾ ਜ਼ੀਰਕਪੁਰ ਦੇ KMG ਹੋਟਲ ਦੀ ਪਹਿਲੀ ਮੰਜ਼ਿਲ ’ਤੇ ਹੋਇਆ। ਮੁਕਾਬਲੇ ਤੋਂ ਬਾਅਦ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਡੇਰਾਬੱਸੀ ਦੇ ਇੱਕ ਹਸਪਤਾਲ ਲਿਜਾਇਆ ਗਿਆ।

ਜ਼ਿਕਰਯੋਗ ਹੈ ਕਿ ਬੀਤੀ 11 ਅਕਤੂਬਰ ਦੀ ਸ਼ਾਮ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿਖੇ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਏਐਸਆਈ ਇਕਬਾਲ ਸਿੰਘ ਦਾ ਕਤਲ ਕਰ ਦਿੱਤਾ ਸੀ।

ਜਾਅਲੀ ਆਈਡੀ ’ਤੇ ਹੋਟਲ ਵਿੱਚ ਠਹਿਰਿਆ ਸੀ ਹੈਪੀ

ਸੂਤਰਾਂ ਮੁਤਾਬਕ ਹਰਪ੍ਰੀਤ ਸਿੰਘ ਉਰਫ਼ ਹੈਪੀ ਪਿਛਲੇ ਦੋ ਤੋਂ ਤਿੰਨ ਦਿਨਾਂ ਤੋਂ ਹੋਟਲ ਵਿੱਚ ਜਾਅਲੀ ਆਈਡੀ ਦੀ ਵਰਤੋਂ ਕਰਕੇ ਠਹਿਰਿਆ ਹੋਇਆ ਸੀ। ਪੁਲਿਸ ਨੂੰ ਵੀਰਵਾਰ ਨੂੰ ਉਸ ਦੇ ਟਿਕਾਣੇ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ AGTF ਦੀ ਟੀਮ ਹੋਟਲ ਪਹੁੰਚੀ ਅਤੇ ਅੰਦਰ ਦਾਖ਼ਲ ਹੋ ਗਈ।

ASI ਦੇ ਭਤੀਜੇ ਦੇ ਕਤਲ ਨਾਲ ਵੀ ਜੋੜਿਆ ਗਿਆ ਸੀ ਮਾਮਲਾ

ਪੁਲਿਸ ਨੇ ਇਸ ਕਤਲ ਨੂੰ 11 ਸਤੰਬਰ ਨੂੰ ਹੋਏ ਇੱਕ ਹੋਰ ਕਤਲ ਨਾਲ ਵੀ ਜੋੜਿਆ ਸੀ। ਉਸ ਦਿਨ ਏਐਸਆਈ ਇਕਬਾਲ ਸਿੰਘ ਦੇ ਭਤੀਜੇ ਅਜਮੀਤ ਸਿੰਘ ਨੂੰ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਗੈਂਗਸਟਰ ਡੌਨੀ ਬੱਲ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ

ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਡੌਨੀ ਬੱਲ ਨੇ ਲਈ ਸੀ। ਇਹ ਦਾਅਵਾ ਸੋਸ਼ਲ ਮੀਡੀਆ ’ਤੇ ਗੋਪੀ ਘਣਸ਼ਿਆਮ ਨਾਮ ਦੇ ਇੱਕ ਖਾਤੇ ਰਾਹੀਂ ਪੋਸਟ ਕੀਤਾ ਗਿਆ ਸੀ।

Latest News