Punjab Infoline

ਪੰਜਾਬੀ

Sonia Gandhi ਦੀ ਕਿਤਾਬ ‘Belonging: A Journey of Love’ ਰਿਲੀਜ਼, ਪੰਜਾਬ ਸੰਕਟ, ਅਪਰੇਸ਼ਨ ਬਲੂ ਸਟਾਰ ਅਤੇ ਬਲੈਕ ਥੰਡਰ ਬਾਰੇ ਲਿਖਿਆ

11 Nov, 2026 08:15 AM

ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਆਪਣੀ ਨਵੀਂ ਜੀਵਨੀ ‘Belonging: A Journey of Love’ ਵਿੱਚ 1980 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਖਾਲਿਸਤਾਨ ਲਹਿਰ ਅਤੇ ਅਤਿਵਾਦ ਦੇ ਅਸ਼ਾਂਤ ਦੌਰ ਨੂੰ ਮੁੜ ਯਾਦ ਕੀਤਾ ਹੈ। ਉਨ੍ਹਾਂ ਨੇ ਸਿੱਖ ਕਤਲੇਆਮ ਨੂੰ ਇਤਿਹਾਸ ਦਾ ਦੁਖਦਾਈ ਅਤੇ ਸ਼ਰਮਨਾਕ ਅਧਿਆਇ ਦੱਸਿਆ ਹੈ। ਮੰਗਲਵਾਰ ਨੂੰ ਰਿਲੀਜ਼ ਹੋਈ ਇਸ ਕਿਤਾਬ ਵਿੱਚ ਸੋਨੀਆ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਪੰਜਾਬ ਸੰਕਟ ਦਾ ਸਿਆਸੀ ਹੱਲ ਲੱਭਣ ਲਈ ਕੀਤੇ ਯਤਨਾਂ, ਅਕਾਲੀ ਆਗੂ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਕਤਲ ਅਤੇ ਅਪਰੇਸ਼ਨ ਬਲੈਕ ਥੰਡਰ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ ਹਨ।

ਕਿਤਾਬ ਵਿੱਚ ਰਾਜੀਵ ਗਾਂਧੀ ਦੇ ਜਨਮਦਿਨ ਵਾਲੇ ਦਿਨ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਕਤਲ ਤੋਂ ਲੈ ਕੇ ਏਅਰ ਇੰਡੀਆ ਦੀ ਫਲਾਈਟ 182 ਵਿੱਚ ਹੋਏ ਬੰਬ ਧਮਾਕੇ ਦਾ ਵੀ ਜ਼ਿਕਰ ਹੈ, ਜਿਸ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 329 ਲੋਕਾਂ ਦੀ ਮੌਤ ਹੋ ਗਈ ਸੀ।

ਸੋਨੀਆ ਗਾਂਧੀ ਨੇ 1984 ਵਿੱਚ ਅਪਰੇਸ਼ਨ ਬਲੂ ਸਟਾਰ ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੰਜਾਬ ਸੰਕਟ ਦਾ ਹੱਲ ਕੱਢਣ ਲਈ ਰਾਜੀਵ ਗਾਂਧੀ ਦੇ ਯਤਨਾਂ ਬਾਰੇ ਲਿਖਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਰਾਜੀਵ ਦੀ ਗੱਲਬਾਤ ਅਤੇ 1986 ਤੇ 1988 ਵਿੱਚ ਅਪਰੇਸ਼ਨ ਬਲੈਕ ਥੰਡਰ I ਅਤੇ II ਦੌਰਾਨ ਸੁਰੱਖਿਆ ਬਲਾਂ ਨੂੰ ਦਿੱਤੀਆਂ ਹਦਾਇਤਾਂ ਦਾ ਵੀ ਜ਼ਿਕਰ ਕੀਤਾ ਹੈ।

ਅਮਨ ਲਈ ਕਾਂਗਰਸ ਦੇ ਸਿਆਸੀ ਹਿੱਤਾਂ ਦੀ ਕੁਰਬਾਨੀ ਦੇਣ ਲਈ ਤਿਆਰ ਸਨ ਰਾਜੀਵ

ਸੋਨੀਆ ਲਿਖਦੇ ਹਨ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਰਾਜੀਵ ਗਾਂਧੀ ਨੂੰ ਪੰਜਾਬ, ਅਸਾਮ, ਮਿਜ਼ੋਰਮ, ਤ੍ਰਿਪੁਰਾ ਅਤੇ ਦਾਰਜੀਲਿੰਗ ਦੀਆਂ ਪਹਾੜੀਆਂ ਵਿੱਚ ਗੰਭੀਰ ਅਸ਼ਾਂਤੀ ਦਾ ਸਾਹਮਣਾ ਕਰਨਾ ਪਿਆ। ਉਹ ਅਮਨ-ਸ਼ਾਂਤੀ ਕਾਇਮ ਕਰਨ ਲਈ ਕਾਂਗਰਸ ਦੇ ਸਿਆਸੀ ਹਿੱਤਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਸਨ। ਇੱਥੋਂ ਤੱਕ ਕਿ ਉਨ੍ਹਾਂ ਨੇ ਕੁਝ ਸੂਬਿਆਂ ਵਿੱਚ ਚੁਣੀਆਂ ਹੋਈਆਂ ਕਾਂਗਰਸ ਸਰਕਾਰਾਂ ਨੂੰ ਆਪਣੇ ਵਿਰੋਧੀਆਂ ਦੇ ਹੱਕ ਵਿੱਚ ਪਿੱਛੇ ਹਟਣ ਲਈ ਵੀ ਮਨਾ ਲਿਆ ਸੀ।

ਜੀਵਨੀ ਅਨੁਸਾਰ, ਰਾਜੀਵ ਗਾਂਧੀ ਨੇ ਸੰਸਦ ਵਿੱਚ ਕਿਹਾ ਸੀ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਜਿੱਤਦਾ ਹੈ ਅਤੇ ਕੌਣ ਹਾਰਦਾ ਹੈ। ਜੋ ਗੱਲ ਮਾਇਨੇ ਰੱਖਦੀ ਹੈ ਉਹ ਇਹ ਹੈ ਕਿ ਲੋਕਤੰਤਰ ਦਾ ਦੀਵਾ ਨਾ ਬੁਝੇ: ਜੋ ਮਾਇਨੇ ਰੱਖਦਾ ਹੈ ਉਹ ਇਹ ਹੈ ਕਿ ਭਾਰਤ ਜਿੱਤੇ।"

ਸੋਨੀਆ ਲਿਖਦੇ ਹਨ ਕਿ ਅਪਰੇਸ਼ਨ ਬਲੂ ਸਟਾਰ ਅਤੇ ਆਪਣੀ ਮਾਂ ਦੇ ਕਤਲ ਤੋਂ ਬਾਅਦ ਹੋਈ ਹਿੰਸਾ ਕਾਰਨ ਰਾਜੀਵ ਪੰਜਾਬ ਸੰਕਟ ਦਾ ਸਿਆਸੀ ਹੱਲ ਲੱਭਣ ਲਈ ਵਿਸ਼ੇਸ਼ ਤੌਰ ’ਤੇ ਦ੍ਰਿੜ੍ਹ ਸਨ। ਪੰਜਾਬ ਦੀ ਸਿਆਸੀ ਲੀਡਰਸ਼ਿਪ ਨਾਲ ਡੂੰਘੀ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ 24 ਜੁਲਾਈ 1985 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਨਾਲ ਪੰਜਾਬ ਸਮਝੌਤੇ ’ਤੇ ਦਸਤਖਤ ਕੀਤੇ।

ਇਹ ਸਮਝੌਤਾ ਲੰਮੇ ਸਮੇਂ ਤੋਂ ਚੱਲ ਰਹੀ ਅਸ਼ਾਂਤੀ ਨੂੰ ਖਤਮ ਕਰਨ ਦਾ ਰਸਤਾ ਪੇਸ਼ ਕਰਦਾ ਦਿਖਾਈ ਦੇ ਰਿਹਾ ਸੀ, ਪਰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਸੰਤ ਲੋਂਗੋਵਾਲ ਦਾ ਕਤਲ ਕਰ ਦਿੱਤਾ ਗਿਆ।

ਰਾਜੀਵ ਗਾਂਧੀ ਦੇ ਜਨਮਦਿਨ ’ਤੇ ਮਿਲੀ ਲੋਂਗੋਵਾਲ ਦੇ ਕਤਲ ਦੀ ਖ਼ਬਰ

ਸੋਨੀਆ ਗਾਂਧੀ ਨੇ 20 ਅਗਸਤ ਦੀ ਘਟਨਾ ਨੂੰ ਯਾਦ ਕਰਦਿਆਂ ਲਿਖਿਆ ਕਿ ਇਹ ਰਾਜੀਵ ਗਾਂਧੀ ਦਾ 41ਵਾਂ ਜਨਮਦਿਨ ਸੀ। ਪਰਿਵਾਰ ਵਿੱਚ ਇਹ ਦਿਨ ਰਵਾਇਤੀ ਤੌਰ ’ਤੇ ਖੁਸ਼ੀ ਨਾਲ ਮਨਾਇਆ ਜਾਂਦਾ ਸੀ। ਉਹ ਰਾਜੀਵ ਦਾ ਮਨਪਸੰਦ ਖਾਣਾ ਤਿਆਰ ਕਰਦੇ ਸਨ, ਜਦੋਂਕਿ ਰਾਹੁਲ ਅਤੇ ਪ੍ਰਿਯੰਕਾ ਵੀ ਤਿਆਰੀਆਂ ਵਿੱਚ ਮਦਦ ਕਰਦੇ ਸਨ। ਜਨਮਦਿਨ ਦਾ ਕੇਕ ਅਤੇ ਕਸ਼ਮੀਰੀ ਮਿੱਠੇ ਚੌਲ ਇਸ ਜਸ਼ਨ ਦਾ ਹਿੱਸਾ ਹੁੰਦੇ ਸਨ।

ਉਸ ਸ਼ਾਮ ਪਰਿਵਾਰ ਰਾਤ ਦੇ ਖਾਣੇ ਲਈ ਬੈਠਿਆ ਹੀ ਸੀ ਕਿ ਸਟਾਫ ਦਾ ਇੱਕ ਮੈਂਬਰ ਅੰਦਰ ਆਇਆ ਅਤੇ ਰਾਜੀਵ ਨੂੰ ਇੱਕ ਨੋਟ ਫੜਾ ਦਿੱਤਾ। ਇਸ ਤੋਂ ਬਾਅਦ ਰਾਜੀਵ ਨੇ ਦੱਸਿਆ, "ਸੰਤ ਲੋਂਗੋਵਾਲ ਮਾਰੇ ਗਏ ਹਨ," ਅਤੇ ਤੁਰੰਤ ਆਪਣੇ ਦਫ਼ਤਰ ਲਈ ਰਵਾਨਾ ਹੋ ਗਏ।

ਸੋਨੀਆ ਯਾਦ ਕਰਦੇ ਹਨ ਕਿ ਪਰਿਵਾਰ ਆਪਣੀਆਂ ਪਲੇਟਾਂ ਵੱਲ ਦੇਖਦਾ ਰਹਿ ਗਿਆ ਅਤੇ ਕਿਸੇ ਦੀ ਵੀ ਖਾਣਾ ਜਾਰੀ ਰੱਖਣ ਦੀ ਹਿੰਮਤ ਨਹੀਂ ਹੋਈ। ਰਾਹੁਲ ਅਤੇ ਪ੍ਰਿਯੰਕਾ ਵਾਰ-ਵਾਰ ਪੁੱਛ ਰਹੇ ਸਨ ਕਿ ਕੀ ਹੋਇਆ ਹੈ ਅਤੇ ਅੱਗੇ ਕੀ ਹੋਵੇਗਾ। ਸੋਨੀਆ ਨੇ ਉਨ੍ਹਾਂ ਨੂੰ ਕਿਹਾ, "ਸਾਨੂੰ ਪਾਪਾ ਦੇ ਵਾਪਸ ਆਉਣ ਅਤੇ ਸਮਝਾਉਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ।"

ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਡਰ ਸੀ ਕਿ ਇਹ ਕਤਲ ਸਿਰਫ਼ ਇੱਕ ਦੁਖਾਂਤ ਨਹੀਂ ਸੀ, ਸਗੋਂ ਰਾਜੀਵ ਲਈ ਇੱਕ ਚਿਤਾਵਨੀ ਵੀ ਸੀ। ਰਾਜੀਵ ਨੇ ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਕਿ ਸੰਤ ਲੋਂਗੋਵਾਲ ਨੂੰ ਸਿੱਖ ਅਤਿਵਾਦੀਆਂ ਨੇ ਬਿਲਕੁਲ ਨੇੜਿਓਂ ਗੋਲੀ ਮਾਰੀ ਸੀ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।

ਸੋਨੀਆ ਗਾਂਧੀ ਅਨੁਸਾਰ, ਰਾਜੀਵ ਇਸ ਕਤਲ ਤੋਂ ਬਹੁਤ ਦੁਖੀ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਕਤਲ ਉਸ ਸਮਝੌਤੇ ਨੂੰ ਨਾਕਾਮ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ, ਜਿਸ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਸੀ।

ਏਅਰ ਇੰਡੀਆ ਦੀ ਫਲਾਈਟ 182 ਵਿੱਚ ਬੰਬ ਧਮਾਕੇ ਦਾ ਜ਼ਿਕਰ

ਜੀਵਨੀ ਵਿੱਚ ਜੂਨ 1985 ਵਿੱਚ ਏਅਰ ਇੰਡੀਆ ਦੀ ਫਲਾਈਟ AI 182 ਵਿੱਚ ਹੋਏ ਬੰਬ ਧਮਾਕੇ ਨੂੰ ਵੀ ਯਾਦ ਕੀਤਾ ਗਿਆ ਹੈ। ਇਹ ਜਹਾਜ਼ ਟੋਰਾਂਟੋ ਤੋਂ ਲੰਡਨ ਹੁੰਦੇ ਹੋਏ ਦਿੱਲੀ ਆ ਰਿਹਾ ਸੀ। ਬੋਇੰਗ ਜਹਾਜ਼ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਮ੍ਰਿਤਕਾਂ ਵਿੱਚ 80 ਤੋਂ ਵੱਧ ਬੱਚੇ ਅਤੇ 29 ਪੂਰੇ ਪਰਿਵਾਰਾਂ ਦੇ ਮੈਂਬਰ ਸ਼ਾਮਲ ਸਨ। ਕਈ ਯਾਤਰੀ ਭਾਰਤੀ ਮੂਲ ਦੇ ਕੈਨੇਡੀਅਨ ਸਨ, ਜਿਨ੍ਹਾਂ ਦੇ ਰਿਸ਼ਤੇਦਾਰ ਪੰਜਾਬ ਵਿੱਚ ਰਹਿੰਦੇ ਸਨ।

ਸੋਨੀਆ ਗਾਂਧੀ ਲਿਖਦੇ ਹਨ ਕਿ ਇਹ ਉਸ ਸਮੇਂ ਜਹਾਜ਼ ਨਾਲ ਸਬੰਧਤ ਸਭ ਤੋਂ ਘਾਤਕ ਅਤਿਵਾਦੀ ਹਮਲਾ ਸੀ ਅਤੇ 2001 ਵਿੱਚ ਅਮਰੀਕਾ ਵਿੱਚ 11 ਸਤੰਬਰ ਦੇ ਹਮਲਿਆਂ ਤੱਕ ਅਜਿਹਾ ਹੀ ਰਿਹਾ। ਇੱਕ ਹੋਰ ਬੰਬ, ਜੋ ਏਅਰ ਇੰਡੀਆ ਦੀ ਇੱਕ ਹੋਰ ਉਡਾਣ ਵਿੱਚ ਫਟਣ ਲਈ ਰੱਖਿਆ ਗਿਆ ਸੀ, ਜਪਾਨ ਦੇ ਨਾਰੀਤਾ ਹਵਾਈ ਅੱਡੇ ’ਤੇ ਜ਼ਮੀਨ ’ਤੇ ਹੀ ਫਟ ਗਿਆ, ਜਿਸ ਕਾਰਨ ਹੋਰ ਨੁਕਸਾਨ ਹੋਇਆ।

ਉਹ ਬੱਬਰ ਖਾਲਸਾ ਨੂੰ ਫਲਾਈਟ 182 ਦੇ ਬੰਬ ਧਮਾਕੇ ਲਈ ਜ਼ਿੰਮੇਵਾਰ ਦੱਸਦੇ ਹਨ। ਬੱਬਰ ਖਾਲਸਾ ਨੂੰ ਉਹ ਹਿੰਸਾ ਰਾਹੀਂ ਖਾਲਿਸਤਾਨ ਦੇ ਵੱਖਰੇ ਰਾਜ ਦੀ ਮੰਗ ਕਰਨ ਵਾਲੀ ਖਾਲਿਸਤਾਨੀ ਅਤਿਵਾਦੀ ਜਥੇਬੰਦੀ ਵਜੋਂ ਦਰਸਾਉਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਵਿੱਚ ਇਸ ਮਾਮਲੇ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਸਾਲਾਂ ਤੱਕ ਚੱਲਣ ਦਾ ਵੀ ਜ਼ਿਕਰ ਕੀਤਾ ਹੈ।

ਟਰਾਂਜ਼ਿਸਟਰ ਬੰਬ ਧਮਾਕਿਆਂ ਵਿੱਚ 50 ਲੋਕਾਂ ਦੀ ਮੌਤ

ਇਸ ਜੀਵਨੀ ਵਿੱਚ ਮਈ 1985 ਦੌਰਾਨ ਦਿੱਲੀ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਹੋਏ ਟਰਾਂਜ਼ਿਸਟਰ ਬੰਬ ਧਮਾਕਿਆਂ ਦਾ ਵੀ ਜ਼ਿਕਰ ਹੈ। ਇਨ੍ਹਾਂ ਧਮਾਕਿਆਂ ਵਿੱਚ 50 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ।

ਇਸ ਮਾਮਲੇ ਵਿੱਚ ਕਈ ਸ਼ੱਕੀ ਖਾਲਿਸਤਾਨੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ 35 ਸਾਲਾਂ ਦੀ ਕਾਰਵਾਈ ਤੋਂ ਬਾਅਦ ਮੁਕੱਦਮਾ ਰੱਦ ਹੋ ਗਿਆ। ਸੋਨੀਆ ਗਾਂਧੀ ਨੇ ਲਿਖਿਆ ਕਿ ਅਦਾਲਤ ਨੇ ਜਾਂਚ ਦੀ ਆਲੋਚਨਾ ਕਰਦਿਆਂ ਇਸ ਨੂੰ "ਨੁਕਸਦਾਰ, ਤਰਫਦਾਰ, ਅਨਿਆਂਪੂਰਨ, ਅਤੇ ਵੱਖ-ਵੱਖ ਕਮੀਆਂ ਤੋਂ ਪੀੜਤ" ਕਰਾਰ ਦਿੱਤਾ ਸੀ।

ਪੁਲੀਸ ਨੂੰ ਵੀ ਆਪਣੀ "ਖਰਾਬ ਜਾਂਚ" ਲਈ ਤਾੜਨਾ ਦਾ ਸਾਹਮਣਾ ਕਰਨਾ ਪਿਆ ਸੀ। ਸੋਨੀਆ ਨੇ ਇਸ ਨਤੀਜੇ ਨੂੰ ਭਾਰਤ ਵਿੱਚ ਨਿਆਂ ਮਿਲਣ ਵਿੱਚ ਦੇਰੀ ਅਤੇ ਨਿਆਂ ਪ੍ਰਣਾਲੀ ਦੀਆਂ ਅਸਫ਼ਲਤਾਵਾਂ ਦੀ ਵਿਆਪਕ ਸਮੱਸਿਆ ਨਾਲ ਜੋੜਿਆ ਹੈ।

ਜਨਰਲ ਏ.ਐਸ. ਵੈਦਿਆ ਦੇ ਕਤਲ ਦਾ ਵੀ ਜ਼ਿਕਰ

ਅਗਸਤ 1986 ਵਿੱਚ ਇੱਕ ਹੋਰ ਵੱਡਾ ਝਟਕਾ ਲੱਗਾ, ਜਦੋਂ ਸਾਬਕਾ ਫੌਜ ਮੁਖੀ ਜਨਰਲ ਏ.ਐਸ. ਵੈਦਿਆ ਦਾ ਸੇਵਾਮੁਕਤੀ ਤੋਂ ਬਾਅਦ ਪੁਣੇ ਵਿੱਚ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਅਪਰੇਸ਼ਨ ਬਲੂ ਸਟਾਰ ਦੌਰਾਨ ਫੌਜ ਦੀ ਅਗਵਾਈ ਕੀਤੀ ਸੀ। ਕਤਲ ਸਮੇਂ ਉਨ੍ਹਾਂ ਦੀ ਪਤਨੀ ਵੀ ਨਾਲ ਸੀ, ਜੋ ਇਸ ਘਟਨਾ ਵਿੱਚ ਜ਼ਖਮੀ ਹੋ ਗਈ ਸੀ।

ਸੋਨੀਆ ਲਿਖਦੇ ਹਨ ਕਿ ਇਸ ਕਤਲ ਨੂੰ ਖਾਲਿਸਤਾਨ ਕਮਾਂਡੋ ਫੋਰਸ ਨੇ ਅੰਜਾਮ ਦਿੱਤਾ ਸੀ। ਉਹ ਯਾਦ ਕਰਦੇ ਹਨ ਕਿ ਜਨਰਲ ਵੈਦਿਆ ਦਾ ਮੰਨਣਾ ਸੀ ਕਿ ਵਿਦੇਸ਼ੀ ਦੁਸ਼ਮਣ ਨਾਲ ਲੜਨ ਅਤੇ ਆਪਣੇ ਹੀ ਦੇਸ਼ ਤੇ ਸੰਵਿਧਾਨ ਵਿਰੁੱਧ ਹਥਿਆਰ ਚੁੱਕਣ ਵਾਲਿਆਂ ਨਾਲ ਲੜਨ ਵਿੱਚ ਕੋਈ ਫਰਕ ਨਹੀਂ ਹੈ।

ਉਨ੍ਹਾਂ ਲਿਖਿਆ ਕਿ ਇਸ ਕਤਲ ਨੇ ਜਨਰਲ ਵੈਦਿਆ ਦੀ ਪਤਨੀ ਅਤੇ ਤਿੰਨ ਧੀਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ।

ਅਪਰੇਸ਼ਨ ਬਲੈਕ ਥੰਡਰ ਦੌਰਾਨ ਰਾਜੀਵ ਗਾਂਧੀ ਨੇ ਰੱਖੀਆਂ ਸਨ ਦੋ ਸ਼ਰਤਾਂ

ਜੀਵਨੀ ਵਿੱਚ ਇਸ ਤੋਂ ਬਾਅਦ 1986 ਅਤੇ 1988 ਵਿੱਚ ਹੋਏ ਅਪਰੇਸ਼ਨ ਬਲੈਕ ਥੰਡਰ I ਅਤੇ II ਦਾ ਜ਼ਿਕਰ ਕੀਤਾ ਗਿਆ ਹੈ। ਇਹ ਕਾਰਵਾਈਆਂ ਹਥਿਆਰਬੰਦ ਖਾਲਿਸਤਾਨੀ ਅਤਿਵਾਦੀਆਂ ਵੱਲੋਂ ਮੁੜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਤੇ ਕਬਜ਼ਾ ਕਰਨ ਤੋਂ ਬਾਅਦ ਕੀਤੀਆਂ ਗਈਆਂ ਸਨ।

ਸੋਨੀਆ ਲਿਖਦੇ ਹਨ ਕਿ ਰਾਜੀਵ ਗਾਂਧੀ ਅਪਰੇਸ਼ਨ ਬਲੂ ਸਟਾਰ ਵਰਗੀ ਸਥਿਤੀ ਨੂੰ ਦੁਹਰਾਉਣ ਤੋਂ ਬਚਣ ਲਈ ਦ੍ਰਿੜ੍ਹ ਸਨ, ਜਦੋਂ ਲੰਮੇ ਟਕਰਾਅ ਤੋਂ ਬਾਅਦ ਫੌਜ ਨੂੰ ਦਖਲ ਦੇਣਾ ਪਿਆ ਸੀ। ਉਨ੍ਹਾਂ ਨੇ ਸੁਰੱਖਿਆ ਕਾਰਵਾਈਆਂ ਨੂੰ ਮਨਜ਼ੂਰੀ ਦਿੱਤੀ, ਪਰ ਇਸ ਦੇ ਨਾਲ ਦੋ ਸਖ਼ਤ ਸ਼ਰਤਾਂ ਰੱਖੀਆਂ ਸਨ।

ਪਹਿਲੀ ਸ਼ਰਤ ਇਹ ਸੀ ਕਿ ਸੁਰੱਖਿਆ ਬਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਨਹੀਂ ਹੋਣਗੇ। ਦੂਜੀ ਸ਼ਰਤ ਇਹ ਸੀ ਕਿ ਜਾਨੀ ਨੁਕਸਾਨ ਤੋਂ ਬਚਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਪਹਿਲਾ ਅਪਰੇਸ਼ਨ 1986 ਵਿੱਚ ਇੱਕ ਰਾਤ ਵਿੱਚ ਪੂਰਾ ਹੋ ਗਿਆ ਸੀ, ਜਦੋਂਕਿ ਦੂਜਾ ਅਪਰੇਸ਼ਨ 1988 ਵਿੱਚ ਨੌਂ ਦਿਨਾਂ ਤੱਕ ਚੱਲਿਆ।

ਸੋਨੀਆ ਅਨੁਸਾਰ, ਉਸ ਸਮੇਂ ਤੱਕ ਹਾਲਾਤ ਬਦਲ ਚੁੱਕੇ ਸਨ। ਖਾਲਿਸਤਾਨ ਲਹਿਰ ਨੂੰ ਮਿਲਣ ਵਾਲਾ ਜਨਤਕ ਸਮਰਥਨ ਘਟਣਾ ਸ਼ੁਰੂ ਹੋ ਗਿਆ ਸੀ ਅਤੇ ਸੁਰੱਖਿਆ ਬਲਾਂ ਵੱਲੋਂ ਇਸ ਲਹਿਰ ਦੇ ਮੈਂਬਰਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ।

ਰਾਜੀਵ ਗਾਂਧੀ ਅਪਰੇਸ਼ਨ ਦੀ ਨਿਗਰਾਨੀ ਵਿੱਚ ਨਿੱਜੀ ਤੌਰ ’ਤੇ ਸ਼ਾਮਲ ਰਹੇ। ਉਹ ਅਧਿਕਾਰੀਆਂ ਨਾਲ ਮੁਲਾਕਾਤਾਂ ਅਤੇ ਟੈਲੀਫੋਨ ’ਤੇ ਗੱਲਬਾਤ ਵਿੱਚ ਲਗਾਤਾਰ ਰੁੱਝੇ ਰਹਿੰਦੇ ਸਨ। ਸੋਨੀਆ ਯਾਦ ਕਰਦੇ ਹਨ ਕਿ 1988 ਦੀ ਘੇਰਾਬੰਦੀ ਦਾ ਦੂਰਦਰਸ਼ਨ ’ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ, ਤਾਂ ਜੋ ਅਫਵਾਹਾਂ ਅਤੇ ਗੁੰਮਰਾਹਕੁੰਨ ਰਿਪੋਰਟਾਂ ਨੂੰ ਰੋਕਿਆ ਜਾ ਸਕੇ।

ਸੁਰੱਖਿਆ ਬਲਾਂ ਨੇ ਲੰਮੇ ਸਮੇਂ ਤੱਕ ਘੇਰਾਬੰਦੀ ਜਾਰੀ ਰੱਖੀ ਅਤੇ ਕੰਪਲੈਕਸ ਦੇ ਅੰਦਰ ਤੇ ਬਾਹਰ ਆਵਾਜਾਈ ਰੋਕ ਦਿੱਤੀ। ਜਿਵੇਂ-ਜਿਵੇਂ ਅੰਦਰ ਰਸਦ ਖਤਮ ਹੁੰਦੀ ਗਈ, ਅਤਿਵਾਦੀਆਂ ’ਤੇ ਦਬਾਅ ਵਧਦਾ ਗਿਆ। ਕੰਪਲੈਕਸ ਦੇ ਅੰਦਰ ਬੰਦੀ ਬਣਾਏ ਗਏ ਸ਼ਰਧਾਲੂ ਵੀ ਹੌਲੀ-ਹੌਲੀ ਬਾਹਰ ਆਉਣ ਲੱਗੇ।

ਆਖਰਕਾਰ ਅਤਿਵਾਦੀਆਂ ਨੇ ਹੱਥ ਖੜ੍ਹੇ ਕਰਕੇ ਆਤਮਸਮਰਪਣ ਕਰ ਦਿੱਤਾ। ਇਹ ਸਾਰੀ ਕਾਰਵਾਈ ਦੇਸ਼ ਭਰ ਵਿੱਚ ਟੈਲੀਵਿਜ਼ਨ ’ਤੇ ਦਿਖਾਈ ਜਾ ਰਹੀ ਸੀ। ਸੋਨੀਆ ਗਾਂਧੀ ਲਿਖਦੇ ਹਨ ਕਿ ਪਹਿਲੇ ਅਪਰੇਸ਼ਨ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਜਦੋਂਕਿ ਦੂਜੇ ਅਪਰੇਸ਼ਨ ਵਿੱਚ 41 ਅਤਿਵਾਦੀ ਮਾਰੇ ਗਏ ਸਨ।

ਉਨ੍ਹਾਂ ਨੇ ਰਾਹੁਲ ਅਤੇ ਪ੍ਰਿਯੰਕਾ ਨਾਲ 1988 ਦੀ ਘੇਰਾਬੰਦੀ ਦੇ ਆਖਰੀ ਘੰਟੇ ਦੇਖਣ ਦੀ ਯਾਦ ਵੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅਪਰੇਸ਼ਨ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਰਾਹਤ ਮਹਿਸੂਸ ਕੀਤੀ ਸੀ। ਜੀਵਨੀ ਵਿੱਚ ਪੰਜਾਬ ਦੀ ਅਮਨ ਪ੍ਰਕਿਰਿਆ ਨੂੰ ਗੱਲਬਾਤ, ਸਿਆਸੀ ਸਮਝੌਤਿਆਂ ਅਤੇ ਸੁਰੱਖਿਆ ਉਪਾਵਾਂ ਰਾਹੀਂ ਖੇਤਰੀ ਵਿਵਾਦਾਂ ਨੂੰ ਸੁਲਝਾਉਣ ਦੇ ਰਾਜੀਵ ਗਾਂਧੀ ਦੇ ਵਿਆਪਕ ਯਤਨਾਂ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹੈ।

ਰਾਜੀਵ ਗਾਂਧੀ ਦੀ ਕਾਰਜਸ਼ੈਲੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦਾ ਵੀ ਜ਼ਿਕਰ

ਸੋਨੀਆ ਗਾਂਧੀ ਨੇ ਇਹ ਵੀ ਮੰਨਿਆ ਹੈ ਕਿ ਪ੍ਰਧਾਨ ਮੰਤਰੀ ਵਜੋਂ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਰਾਜੀਵ ਗਾਂਧੀ ਤੋਂ ਫ਼ੈਸਲੇ ਲੈਣ ਜਾਂ ਕਾਰਵਾਈ ਕਰਨ ਵਿੱਚ ਗਲਤੀਆਂ ਹੋ ਸਕਦੀਆਂ ਸਨ। ਹਾਲਾਂਕਿ, ਉਨ੍ਹਾਂ ਨੇ ਦੇਸ਼ ਪ੍ਰਤੀ ਰਾਜੀਵ ਦੀਆਂ ਭਾਵਨਾਵਾਂ ਅਤੇ ਵਚਨਬੱਧਤਾ ਦਾ ਬਚਾਅ ਕੀਤਾ ਹੈ।

ਉਨ੍ਹਾਂ ਨੇ ਪੂਰਬ-ਉੱਤਰ ਦੇ ਦੂਰ-ਦੁਰਾਡੇ ਇਲਾਕਿਆਂ, ਮੱਧ ਪ੍ਰਦੇਸ਼, ਬਿਹਾਰ ਅਤੇ ਉੜੀਸਾ ਦੇ ਆਦਿਵਾਸੀ ਖੇਤਰਾਂ ਤੋਂ ਇਲਾਵਾ ਲਕਸ਼ਦੀਪ ਅਤੇ ਅੰਡੇਮਾਨ-ਨਿਕੋਬਾਰ ਟਾਪੂਆਂ ਦੇ ਦੌਰਿਆਂ ਨੂੰ ਵੀ ਯਾਦ ਕੀਤਾ ਹੈ। ਇਨ੍ਹਾਂ ਥਾਵਾਂ ’ਤੇ ਵਸਨੀਕ ਅਕਸਰ ਮਾੜੇ ਪ੍ਰਸ਼ਾਸਨ ਅਤੇ ਰੋਜ਼ਾਨਾ ਦੀਆਂ ਮੁਸ਼ਕਲਾਂ ਨੂੰ ਲੈ ਕੇ ਰਾਜੀਵ ਗਾਂਧੀ ਸਾਹਮਣੇ ਆਪਣੀਆਂ ਸ਼ਿਕਾਇਤਾਂ ਰੱਖਦੇ ਸਨ।

ਸੋਨੀਆ ਲਿਖਦੇ ਹਨ ਕਿ ਰਾਜੀਵ ਲੋਕਾਂ ਦੀਆਂ ਗੱਲਾਂ ਧੀਰਜ ਨਾਲ ਸੁਣਦੇ ਸਨ। ਕਈ ਵਾਰ ਉਹ ਅਧਿਕਾਰੀਆਂ ਨੂੰ ਇਹ ਵੀ ਕਹਿੰਦੇ ਸਨ ਕਿ ਜਦੋਂ ਲੋਕ ਆਪਣੀਆਂ ਸ਼ਿਕਾਇਤਾਂ ਦੱਸ ਰਹੇ ਹੋਣ ਤਾਂ ਉਹ ਵਿਚਕਾਰ ਨਾ ਬੋਲਣ।

Latest News