Punjab Infoline

ਪੰਜਾਬੀ

Shahkot Road Accident: ਸੰਘਣੀ ਧੁੰਦ ਕਾਰਨ 7 ਵਾਹਨਾਂ ਦੀ ਭਿਆਨਕ ਟੱਕਰ, ਇੱਕ ਵਿਅਕਤੀ ਦੀ ਮੌਤ; 10 ਜ਼ਖ਼ਮੀ

10 Nov, 2026 03:31 PM

Shahkot Road Accident: ਜਲੰਧਰ-ਮੋਗਾ ਕੌਮੀ ਮਾਰਗ ’ਤੇ ਸ਼ਾਹਕੋਟ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਸੱਤ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਰੀਬ 10 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਡੱਬਵਾਲੀ ਵਾਸੀ ਪ੍ਰਗਟ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ, ਸਵੇਰੇ ਮੋਗਾ ਤੋਂ ਜਲੰਧਰ ਵੱਲ ਜਾ ਰਿਹਾ ਇੱਕ ਟਿੱਪਰ ਸ਼ਾਹਕੋਟ ਦੇ ਪਹਿਲੇ ਫਲਾਈਓਵਰ ਤੋਂ ਉਤਰਦੇ ਸਮੇਂ ਕਿਸੇ ਵੱਡੇ ਵਾਹਨ ਨਾਲ ਟਕਰਾ ਗਿਆ ਅਤੇ ਸੜਕ ਦੇ ਵਿਚਕਾਰ ਖੜ੍ਹਾ ਹੋ ਗਿਆ। ਇਸੇ ਦੌਰਾਨ ਧੁੰਦ ਕਾਰਨ ਇੱਕ ਕਾਰ ਟਿੱਪਰ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ। ਇਹ ਕਾਰ ਪ੍ਰਗਟ ਸਿੰਘ ਚਲਾ ਰਿਹਾ ਸੀ ਅਤੇ ਇਸ ਵਿੱਚ ਚਾਰ ਹੋਰ ਵਿਅਕਤੀ ਵੀ ਸਵਾਰ ਸਨ। ਇਹ ਸਾਰੇ ਮੁਲਾਜ਼ਮ ਦੱਸੇ ਜਾਂਦੇ ਹਨ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਚਾਲਕ ਅੰਦਰ ਹੀ ਫਸ ਗਿਆ। ਪ੍ਰਗਟ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਬਾਕੀ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

ਟਿੱਪਰ ਨਾਲ ਟਕਰਾਉਣ ਮਗਰੋਂ ਹੋਰ ਵਾਹਨ ਵੀ ਹਾਦਸਾਗ੍ਰਸਤ

ਇਸੇ ਦੌਰਾਨ ਇੱਕ ਹੋਰ ਆਲਟੋ ਕਾਰ ਵੀ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਪਰਿਵਾਰ ਦੇ ਸਾਰੇ ਪੰਜ ਮੈਂਬਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਇੱਕ ਹੋਰ ਆਲਟੋ ਕਾਰ ਵੀ ਹਾਦਸਾਗ੍ਰਸਤ ਵਾਹਨਾਂ ਨਾਲ ਟਕਰਾ ਕੇ ਪਲਟ ਗਈ। ਇਸ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਹੋਰ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ।

ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ

ਸੂਚਨਾ ਮਿਲਣ ’ਤੇ 108 ਐਂਬੂਲੈਂਸ ਦੇ ਚਾਲਕ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ। ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਗੰਭੀਰ ਜ਼ਖ਼ਮੀਆਂ ਵਿੱਚੋਂ ਕੁਝ ਨੂੰ ਇਲਾਜ ਲਈ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ।

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਗਈ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਿੱਪਰ ਚਾਲਕ ਦੀ ਭਾਲ ਵੀ ਕੀਤੀ ਜਾ ਰਹੀ ਹੈ।

Latest News