Punjab Infoline

ਪੰਜਾਬੀ

Canada Study Visa: ਵਿਦਿਆਰਥੀਆਂ ਲਈ ਵੱਡਾ ਬਦਲਾਅ, ਹੁਣ ਦਿਖਾਉਣਾ ਪਵੇਗਾ 23,448 CAD ਦਾ ਫੰਡ

16 Sep, 2026 02:03 PM

– ਕੈਨੇਡਾ ਵਿੱਚ ਸਟੱਡੀ ਵੀਜ਼ਾ ’ਤੇ ਜਾਣ ਦੀ ਤਿਆਰੀ ਕਰ ਰਹੇ ਪੰਜਾਬੀ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਵਿਦਿਆਰਥੀਆਂ ਲਈ ਲੋੜੀਂਦੇ ਵਿੱਤੀ ਸਰੋਤਾਂ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

ਨਵੇਂ ਨਿਯਮਾਂ ਤਹਿਤ ਹੁਣ ਇਕੱਲੇ ਵਿਦਿਆਰਥੀ ਨੂੰ ਰਹਿਣ-ਸਹਿਣ ਦੇ ਖਰਚਿਆਂ ਲਈ ਲਗਭਗ 23,448 ਕੈਨੇਡੀਅਨ ਡਾਲਰ (CAD), ਯਾਨੀ ਕਰੀਬ 17 ਲੱਖ ਭਾਰਤੀ ਰੁਪਏ ਦਾ ਫੰਡ ਦਿਖਾਉਣਾ ਹੋਵੇਗਾ। ਪਹਿਲਾਂ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਲਗਭਗ 15 ਲੱਖ ਰੁਪਏ ਦਾ ਸਾਲਾਨਾ ਬੈਂਕ ਬੈਲੇਂਸ ਰੱਖਣਾ ਪੈਂਦਾ ਸੀ।

1 ਸਤੰਬਰ 2026 ਤੋਂ ਨਵੇਂ ਨਿਯਮ ਲਾਗੂ

ਇਹ ਨਵੇਂ ਨਿਯਮ 1 ਸਤੰਬਰ 2026 ਤੋਂ ਆਉਣ ਵਾਲੀਆਂ ਅਰਜ਼ੀਆਂ ’ਤੇ ਲਾਗੂ ਹੋਣਗੇ। ਇਸ ਤੋਂ ਪਹਿਲਾਂ 31 ਅਗਸਤ ਤੱਕ ਅਰਜ਼ੀ ਦੇ ਚੁੱਕੇ ਵਿਦਿਆਰਥੀਆਂ ’ਤੇ ਨਵੀਂ ਰਕਮ ਦੀ ਸ਼ਰਤ ਲਾਗੂ ਨਹੀਂ ਹੋਵੇਗੀ।

IRCC ਦੇ ਨਵੇਂ ਨਿਯਮਾਂ ਮੁਤਾਬਕ ਵਿਦਿਆਰਥੀ ਨੂੰ ਲਿਵਿੰਗ ਐਕਸਪੈਂਸ ਲਈ ਨਿਰਧਾਰਤ ਰਕਮ ਤੋਂ ਇਲਾਵਾ ਆਪਣੀ ਟਿਊਸ਼ਨ ਫੀਸ ਅਤੇ ਕੈਨੇਡਾ ਆਉਣ-ਜਾਣ ਦਾ ਯਾਤਰਾ ਖਰਚ ਵੀ ਪੂਰਾ ਕਰਨ ਦੀ ਸਮਰੱਥਾ ਦਿਖਾਉਣੀ ਪਵੇਗੀ। ਅਰਥਾਤ 23,448 CAD ਦੀ ਰਕਮ ਵਿੱਚ ਕਾਲਜ ਜਾਂ ਯੂਨੀਵਰਸਿਟੀ ਦੀ ਫੀਸ ਅਤੇ ਟਰੈਵਲ ਖਰਚ ਸ਼ਾਮਲ ਨਹੀਂ ਹੋਣਗੇ।

ਵਧਦੇ ਰਹਿਣ-ਸਹਿਣ ਦੇ ਖਰਚਿਆਂ ਦੇ ਮੱਦੇਨਜ਼ਰ ਬਦਲਾਅ

ਕੈਨੇਡਾ ਸਰਕਾਰ ਮੁਤਾਬਕ ਵਿੱਤੀ ਲੋੜ ਵਿੱਚ ਇਹ ਸੋਧ ਦੇਸ਼ ਵਿੱਚ ਰਹਿਣ-ਸਹਿਣ ਦੇ ਵਧ ਰਹੇ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ। ਪਹਿਲਾਂ ਇਕੱਲੇ ਵਿਦਿਆਰਥੀ ਲਈ ਲੋੜੀਂਦੀ ਰਕਮ ਇਸ ਤੋਂ ਘੱਟ ਸੀ।

ਨਵੇਂ ਨਿਯਮਾਂ ਨਾਲ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਅਰਜ਼ੀ ਦੇਣ ਤੋਂ ਪਹਿਲਾਂ ਆਪਣੀ ਵਿੱਤੀ ਸਮਰੱਥਾ ਦਾ ਵਧੇਰੇ ਮਜ਼ਬੂਤ ਸਬੂਤ ਪੇਸ਼ ਕਰਨਾ ਪਵੇਗਾ। ਖ਼ਾਸ ਤੌਰ ’ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਇਹ ਬਦਲਾਅ ਕਾਫੀ ਅਸਰ ਪਾ ਸਕਦਾ ਹੈ।

Posted By: Punjab Infoline Bureau

Latest News