Punjab Infoline

ਪੰਜਾਬੀ

ਅਰਵਿੰਦ ਕੇਜਰੀਵਾਲ ਨੂੰ ਧਮਕੀ ਦੇਣ ਦੇ ਮਾਮਲੇ ’ਚ ਹਰਿਆਣਾ ਤੋਂ ਮੁਲਜ਼ਮ ਗ੍ਰਿਫ਼ਤਾਰ, ਇੱਕ ਦਿਨ ਦਾ ਪੁਲੀਸ ਰਿਮਾਂਡ

14 Nov, 2026 07:06 PM

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਹਰਿਆਣਾ ਦੇ ਰੋਹਤਕ ਤੋਂ ਕੋਮਲ ਉਰਫ਼ ਕੋਬਰਾ ਜਾਂਗੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਸ਼ਨੀਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ। ਪੁਲੀਸ ਹੁਣ ਉਸ ਤੋਂ ਧਮਕੀ ਦੇਣ ਦੇ ਮਕਸਦ ਅਤੇ ਵਰਤੇ ਗਏ ਮੋਬਾਈਲ ਨੰਬਰਾਂ ਬਾਰੇ ਪੁੱਛਗਿੱਛ ਕਰ ਰਹੀ ਹੈ।

ਮੁਲਜ਼ਮ ਦੇ ਭਰਾ ਤਿਲਕਰਾਜ ਮੁਤਾਬਕ ਪੰਜਾਬ ਪੁਲੀਸ 12 ਨਵੰਬਰ ਨੂੰ ਰੋਹਤਕ ਦੀ ਸ਼ਾਸਤਰੀ ਕਲੋਨੀ ਤੋਂ ਕੋਮਲ ਨੂੰ ਆਪਣੇ ਨਾਲ ਲੈ ਗਈ ਸੀ। ਪਰਿਵਾਰ ਨੂੰ ਬਾਅਦ ਵਿੱਚ ਉਸ ਦੀ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਪਤਾ ਲੱਗਾ। ਕੋਮਲ ਮੂਲ ਰੂਪ ਵਿੱਚ ਰੋਹਤਕ ਦੇ ਪਿੰਡ ਸਮਰਗੋਪਾਲਪੁਰ ਕਲਾਂ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਅੰਮ੍ਰਿਤ ਕਲੋਨੀ ਵਿੱਚ ਰਹਿ ਰਿਹਾ ਸੀ।

ਰੋਹਤਕ ਡੀਸੀ ਦਫ਼ਤਰ ਵਿੱਚ ਕਲਰਕ ਰਹਿ ਚੁੱਕਾ ਹੈ ਮੁਲਜ਼ਮ

ਜਾਣਕਾਰੀ ਮੁਤਾਬਕ ਕੋਮਲ ਰੋਹਤਕ ਦੇ ਡਿਪਟੀ ਕਮਿਸ਼ਨਰ (DC) ਦਫ਼ਤਰ ਵਿੱਚ ਕਲਰਕ ਵਜੋਂ ਤਾਇਨਾਤ ਸੀ। ਉਸ ਨੂੰ ਕਰੀਬ ਛੇ ਮਹੀਨੇ ਪਹਿਲਾਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਆਪਣਾ ਨਾਂ ਪਸੰਦ ਨਹੀਂ ਸੀ, ਜਿਸ ਕਾਰਨ ਉਸ ਨੇ ਆਪਣਾ ਨਾਂ ਬਦਲ ਕੇ ‘ਕੋਬਰਾ’ ਰੱਖ ਲਿਆ ਸੀ।

‘ਆਪ’ ਵਿਧਾਇਕ ਜਰਨੈਲ ਸਿੰਘ ਦੀ ਸ਼ਿਕਾਇਤ ’ਤੇ ਜਾਂਚ ਸ਼ੁਰੂ

ਇਸ ਮਾਮਲੇ ਦੀ ਸ਼ੁਰੂਆਤ ਦਿੱਲੀ ਦੇ ਤਿਲਕ ਨਗਰ ਤੋਂ ‘ਆਪ’ ਵਿਧਾਇਕ ਜਰਨੈਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਹੋਈ ਸੀ। ਵਿਧਾਇਕ ਨੇ ਪੁਲੀਸ ਨੂੰ ਦੱਸਿਆ ਸੀ ਕਿ 6 ਨਵੰਬਰ ਨੂੰ ਸ਼ਾਮ ਕਰੀਬ ਛੇ ਵਜੇ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਸੀ। ਇਸ ਤੋਂ ਇਲਾਵਾ ਵਟਸਐਪ ’ਤੇ ਵੀ ਧਮਕੀ ਭਰਿਆ ਸੁਨੇਹਾ ਭੇਜਿਆ ਗਿਆ ਸੀ।

ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਤਕਨੀਕੀ ਜਾਂਚ ਸ਼ੁਰੂ ਕੀਤੀ। ਕਾਲ ਡਿਟੇਲ ਅਤੇ ਲੋਕੇਸ਼ਨ ਦੇ ਆਧਾਰ ’ਤੇ ਰੋਹਤਕ ਵਾਸੀ ਕੋਮਲ ਉਰਫ਼ ਕੋਬਰਾ ਨੂੰ ਕਾਬੂ ਕੀਤਾ ਗਿਆ।

ਫਿਲਹਾਲ ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਦੇ ਮੋਬਾਈਲ ਫੋਨ, ਕਾਲ ਰਿਕਾਰਡ ਅਤੇ ਵਟਸਐਪ ਚੈਟ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਤਾਂ ਨਹੀਂ ਹੈ।

Latest News