LPU ਹਿੰਸਾ ਮਾਮਲਾ: ਪੰਜਾਬ ਮਹਿਲਾ ਕਮਿਸ਼ਨ ਨੇ DC ਅਤੇ SSP ਨੂੰ ਨੋਟਿਸ ਜਾਰੀ ਕਰ ਮੰਗੀ FIR ਤੇ ਜਾਂਚ ਰਿਪੋਰਟ
ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਤੋਂ ਬਾਅਦ ਕੈਂਪਸ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਦਮ ਭੜਕਾਊ ਵੀਡੀਓਜ਼ ਕਾਰਨ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਚੁੱਕਿਆ ਗਿਆ ਹੈ।
ਪੰਜਾਬ ਮਹਿਲਾ ਕਮਿਸ਼ਨ ਨੇ DC ਅਤੇ SSP ਤੋਂ ਮੰਗੀ ਰਿਪੋਰਟ
ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਮਹਿਲਾ ਕਮਿਸ਼ਨ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ (DC) ਅਤੇ ਸੀਨੀਅਰ ਪੁਲਿਸ ਕਪਤਾਨ (SSP) ਤੋਂ FIR ਦੀ ਕਾਪੀ, ਵਿਸ਼ੇਸ਼ ਜਾਂਚ ਟੀਮ (SIT) ਬਾਰੇ ਵੇਰਵੇ ਅਤੇ ਹੁਣ ਤੱਕ ਦੀ ਜਾਂਚ ਰਿਪੋਰਟ ਤਲਬ ਕੀਤੀ ਹੈ।
ਕਮਿਸ਼ਨ ਨੇ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ ਲਈ ਮੌਜੂਦਾ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਮੰਗੀ ਹੈ।
ਮੁੱਖ ਮੰਤਰੀ ਨੇ ਲਿਆ ਘਟਨਾ ਦਾ ਨੋਟਿਸ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਅਮਲ ਕਰਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ।
LPU 10 ਦਿਨਾਂ ਲਈ ਬੰਦ, ਮਿਡ-ਟਰਮ ਪ੍ਰੀਖਿਆਵਾਂ ਰੱਦ
ਹੰਗਾਮੇ ਤੋਂ ਬਾਅਦ LPU ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਘਰ ਪਰਤਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨੂੰ ਫੋਨ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਬਾਅਦ ਵਿਦਿਆਰਥੀ ਹੁਣ ਆਪਣੇ ਘਰਾਂ ਨੂੰ ਜਾ ਰਹੇ ਹਨ।
ਯੂਨੀਵਰਸਿਟੀ ਵਿੱਚ ਮਿਡ-ਟਰਮ (ਅੱਧ-ਸਾਲਾਨਾ) ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
Posted By: Punjab Infoline Bureau