Punjab Infoline

ਪੰਜਾਬੀ

ਪਠਾਨਕੋਟ: ਦਾਜ 'ਚ ਬੁਲੇਟ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਹਿੰਸਾ, ਸਹੁਰੇ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ; ਸਾਲੇ ਦੀ ਉਂਗਲ ਵੱਢੀ

12 Nov, 2026 09:00 AM

ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਥਾਣੇ ਅਧੀਨ ਪੈਂਦੇ ਪਿੰਡ ਅਜੀਜ਼ਪੁਰ ਵਿੱਚ ਦਾਜ ਵਜੋਂ ਬੁਲੇਟ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਘਰੇਲੂ ਵਿਵਾਦ ਹਿੰਸਕ ਰੂਪ ਧਾਰ ਗਿਆ। ਦੋਸ਼ ਹੈ ਕਿ ਜਵਾਈ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਹਿਲਾਂ ਸਹੁਰੇ ਘਰ ਵਿੱਚ ਦਾਖ਼ਲ ਹੋ ਕੇ ਪਤਨੀ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਸਹੁਰੇ, ਸਾਲਿਆਂ, ਸੱਸ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ, ਜਦਕਿ ਪੁਲੀਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਥਾਣਾ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਅਜੀਜ਼ਪੁਰ ਵਾਸੀ ਲਿਆਕਤ ਅਲੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪੀੜਤ ਵਿਆਹੁਤਾ ਬਿੱਲੋ ਦੀਵਾਲੀ ਮੌਕੇ ਆਪਣੇ ਦੋ ਸਾਲਾ ਬੱਚੇ ਸਮੇਤ ਪੇਕੇ ਪਿੰਡ ਅਜੀਜ਼ਪੁਰ ਆਈ ਹੋਈ ਸੀ। ਬੱਚੇ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੇ ਆਪਣੇ ਪਤੀ ਨੂੰ ਫੋਨ ਕਰਕੇ ਸਹੁਰੇ ਘਰ ਆਉਣ ਲਈ ਕਿਹਾ।

ਸ਼ਿਕਾਇਤ ਅਨੁਸਾਰ, ਇਸ ਗੱਲ ਤੋਂ ਗੁੱਸੇ ਵਿੱਚ ਆਏ ਪਤੀ ਨੇ ਫੋਨ 'ਤੇ ਗਾਲੀ-ਗਲੋਚ ਕੀਤੀ ਅਤੇ ਕੁਝ ਸਮੇਂ ਬਾਅਦ ਪੇਕੇ ਘਰ ਪਹੁੰਚ ਕੇ ਪਤਨੀ ਦੀ ਕੁੱਟਮਾਰ ਕੀਤੀ। ਇਸ ਦੌਰਾਨ ਬਿੱਲੋ ਦੇ ਪਿਤਾ ਸ਼ਫ਼ੀ ਮੁਹੰਮਦ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ।

ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸ਼ਫ਼ੀ ਮੁਹੰਮਦ ਨੂੰ ਛੁਡਾਉਣ ਲਈ ਆਏ ਸਹੁਰੇ ਪਰਿਵਾਰ ਦੇ ਮੈਂਬਰਾਂ 'ਤੇ ਵੀ ਹਮਲਾ ਕੀਤਾ ਗਿਆ। ਇਸ ਦੌਰਾਨ ਸਾਲੇ ਫ਼ਰਮਾਨ ਅਲੀ ਦੀ ਦਾਤਰ ਨਾਲ ਉਂਗਲ ਵੱਢ ਦਿੱਤੀ ਗਈ। ਲਿਆਕਤ ਅਲੀ ਅਤੇ ਜੂਨਾ ਬੇਗਮ ਵੀ ਜ਼ਖ਼ਮੀ ਹੋ ਗਏ।

ਘਟਨਾ ਵਿੱਚ ਕੁੱਲ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਥਾਣਾ ਮੁਖੀ ਅਰੁਣ ਕੁਮਾਰ ਅਨੁਸਾਰ ਪੁਲੀਸ ਨੇ ਜਮਾਲਦੀਨ, ਅਸ਼ੂ, ਜਾਫ਼ਰ, ਸਲੀਮ, ਸੋਨੂੰ, ਭਾਊ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Latest News