Punjab Infoline

ਪੰਜਾਬੀ

ਮਾਨਸਾ ਇਨਸਾਫ਼ ਮੋਰਚੇ ’ਚ ਤਣਾਅ, ਪੁਲੀਸ ’ਤੇ ਲਾਸ਼ ਖੋਹਣ ਤੇ ਆਗੂਆਂ ਦੀ ਕੁੱਟਮਾਰ ਦੇ ਦੋਸ਼; ਥਾਣਿਆਂ ਦੇ ਘਿਰਾਓ ਦਾ ਐਲਾਨ

28 Oct, 2026 09:47 AM

ਮਾਨਸਾ ਇਨਸਾਫ਼ ਮੋਰਚੇ ਦੌਰਾਨ ਪੁਲੀਸ ’ਤੇ ਪਿੰਡ ਭੰਮੇ ਕਲਾਂ ਦੇ 32 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਖੋਹਣ, ਪਰਿਵਾਰਕ ਮੈਂਬਰਾਂ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਦੀ ਕੁੱਟਮਾਰ ਕਰਨ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੇ ਦੋਸ਼ ਲਾਏ ਗਏ ਹਨ। ਐਕਸ਼ਨ ਕਮੇਟੀ ਨੇ ਪੁਲੀਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਕਮੇਟੀ ਮੁਤਾਬਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।

ਆਗੂਆਂ ਦੀ ਰਿਹਾਈ ਲਈ ਡਿਪਟੀ ਕਮਿਸ਼ਨਰ ਦੇ ਘਿਰਾਓ ਦੀ ਚਿਤਾਵਨੀ

ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਿਰਾਸਤ ਵਿੱਚ ਲਏ ਆਗੂਆਂ ਨੂੰ ਅੱਜ ਸਵੇਰੇ 11 ਵਜੇ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਹੋਰ ਤਿੱਖੇ ਐਕਸ਼ਨਾਂ ਦੇ ਨਾਲ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ।

ਉਨ੍ਹਾਂ ਪੰਜਾਬ ਭਰ ਦੇ ਗੁਰਦੁਆਰਿਆਂ ਵਿੱਚ ਨਸ਼ਿਆਂ ਵਿਰੁੱਧ ਅਤੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਕੀਤੀ ਜਾ ਰਹੀ ਅਰਦਾਸ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।

ਪੰਜਾਬ ਭਰ ਦੇ ਥਾਣਿਆਂ ਅੱਗੇ ਪ੍ਰਦਰਸ਼ਨ ਕਰੇਗੀ ਕਿਸਾਨ ਜਥੇਬੰਦੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਪੰਜਾਬ ਦੇ ਥਾਣਿਆਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੁਲੀਸ ਕਾਰਵਾਈ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।

ਜਥੇਬੰਦੀ ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪੁਲੀਸ ਜਬਰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਸ਼ਾਮਲ ਭਾਨਾ ਸਿੱਧੂ ਨੇ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਤਸ਼ੱਦਦ ਕਰ ਲਵੇ, ਉਹ ਇਨਸਾਫ਼ ਲੈ ਕੇ ਹੀ ਹਟਣਗੇ।

ਐੱਸਐੱਸਪੀ ਨੇ ਕੀ ਕਿਹਾ?

ਦੂਜੇ ਪਾਸੇ, ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਦਲਜੀਤ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਲਾਕੇ ਦੀ ਅਮਨ-ਸ਼ਾਂਤੀ ਵਾਲੀ ਸਥਿਤੀ ਵਿਗਾੜਨ ਦਾ ਕੋਈ ਹੱਕ ਨਹੀਂ ਹੈ।

ਝੋਟਾ ਇਨਸਾਫ਼ ਮੋਰਚੇ ਵਿੱਚ ਵੱਡੇ ਇਕੱਠ ਦਾ ਸੱਦਾ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਧਰਨੇ ਦੌਰਾਨ ਅੱਜ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਵੀ ਅੱਜ ਮਾਨਸਾ ਪਹੁੰਚ ਰਹੇ ਹਨ।

Latest News