Punjab Infoline

ਪੰਜਾਬੀ

ਲੁਧਿਆਣਾ ਵਿਖੇ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ: CM ਭਗਵੰਤ ਮਾਨ ਨੇ ਕੀਤੀ ਸ਼ਿਰਕਤ, ਇੱਕ ਲੱਖ ਤੋਂ ਵੱਧ ਲੋਕ ਹੋਏ ਇਕੱਠੇ

28 Sep, 2026 08:29 PM

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਮੌਜੂਦ ਰਹੇ।

ਇੱਕ ਲੱਖ ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ

ਪੀ.ਏ.ਯੂ. ਗਰਾਊਂਡ ਵਿੱਚ ਕਰਵਾਏ ਗਏ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ ਦੌਰਾਨ ਕਲਾਕਾਰਾਂ ਦੀਆਂ ਪੇਸ਼ਕਾਰੀਆਂ ’ਤੇ ਦਰਸ਼ਕ ਖੂਬ ਝੂਮੇ। 117 ਵਿਧਾਨ ਸਭਾ ਹਲਕਿਆਂ ਤੋਂ ਆਏ ਇੱਕ ਲੱਖ ਤੋਂ ਵੱਧ ਲੋਕਾਂ ਦੇ ਇਕੱਠ ਵਿੱਚ ਗੀਤ-ਸੰਗੀਤ ਅਤੇ ਹੋਰ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਦੁਪਹਿਰ ਤਿੰਨ ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਰਾਤ ਹੁੰਦਿਆਂ ਹੀ ਭੀੜ ਹੋਰ ਵਧ ਗਈ। ਇਸ ਸਮਾਗਮ ਸਬੰਧੀ ਆਵਾਜਾਈ ਬਾਰੇ ਸਲਾਹ-ਮਸ਼ਵਰਾ ਵੀ ਜਾਰੀ ਕੀਤਾ ਗਿਆ ਸੀ। ਲੋਕਾਂ ਨੂੰ ਸੁਰੱਖਿਆ ਜਾਂਚ ਤੋਂ ਬਾਅਦ ਹੀ ਪ੍ਰੋਗਰਾਮ ਵਿੱਚ ਦਾਖ਼ਲ ਹੋਣ ਦਿੱਤਾ ਗਿਆ।

ਰਣਜੀਤ ਬਾਵਾ ਤੇ ਕੁਲਵਿੰਦਰ ਬਿੱਲਾ ਦੀ ਪੇਸ਼ਕਾਰੀ

ਪ੍ਰੋਗਰਾਮ ਵਿੱਚ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ ਦੇ ਨਾਲ-ਨਾਲ ਬਸੰਤ ਕੌਰ ਅਤੇ ਪਰੀ ਪੰਧੇਰ ਨੇ ਵੀ ਆਪਣੀ ਖਾਸ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੌਰਾਨ ਦਰਸ਼ਕ ਨੱਚਦੇ-ਗਾਉਂਦੇ ਨਜ਼ਰ ਆਏ।

ਇਸ ਦੇ ਨਾਲ ਹੀ ਦੇਸ਼ ਭਗਤੀ ’ਤੇ ਆਧਾਰਿਤ ਨਾਟਕ ਨੇ ਲੋਕਾਂ ਦੀਆਂ ਅੱਖਾਂ ਨਮ ਕੀਤੀਆਂ ਅਤੇ ਉਨ੍ਹਾਂ ਵਿੱਚ ਜੋਸ਼ ਵੀ ਭਰਿਆ।

Posted By: Punjab Infoline Bureau

Latest News