ਸਿੱਖ ਮਿਸ਼ਨਰੀ ਕਾਲਜ ਦੇ ਬਾਨੀ ਸ. ਹਰਭਜਨ ਸਿੰਘ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਸਨ - ਹਰਬੰਸ ਸਿੰਘ

ਜਲੰਧਰ: (ਹਰਬੰਸ ਸਿੰਘ) ਪਿਛਲੇ ਦੋ ਦਿਨਾਂ ਤੋਂ ਪੰਥਕ ਹਲਕਿਆਂ ਖਾਸ ਕਰਕੇ ਸਿਧਾਂਤਕ ਜਥੇਬੰਦੀਆਂ ਚ ਇਹ ਸਵਾਲ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਚ ਕ੍ਰਾਂਤੀਕਾਰੀ ਪੱਧਰ ਤੱਕ ਯੋਗਦਾਨ ਪਾਉਣ ਵਾਲ਼ੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਦੇ ਅਕਾਲ ਚਲਾਣੇ ਉਪਰ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਅਤੇ ਪੰਥਕ ਮੀਡੀਆ ਨੇ ਭੇਦਭਰੀ ਚੁੱਪ ਕਿਉਂ ਧਾਰਨ ਕਰੀ ਰੱਖੀ.ਹਾਲਾਂਕਿ ਸ. ਹਰਭਜਨ ਸਿੰਘ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਸਨ. ਉਹਨਾਂ ਵਰਗੀ ਵੱਡੀ ਹਸਤੀ ਕਿਸੇ ਸ਼ਰਧਾਂਜਲੀ ਜਾਂ ਦੋ ਸ਼ਬਦਾਂ ਦੀ ਮੁਥਾਜ ਨਹੀਂ. ਆਪਣੇ ਕਾਰਜਾਂ, ਦ੍ਰਿੜ੍ਹਤਾ, ਗਿਆਨ ਲੇਖਣੀ ਅਤੇ ਧਰਮ ਪ੍ਰਚਾਰ ਵਿੱਚ ਪਾਏ ਯੋਗਦਾਨ ਨਾਲ਼ ਉਹ ਇਤਿਹਾਸਕ ਪੁਰਸ਼ ਹੋ ਨਿੱਬੜੇ ਹਨ। ਇਸ ਦੇ ਬਾਵਜੂਦ ਵੀ ਜੋ ਕਾਰਣ ਮੇਰੀ ਸਮਝ ਚ ਆਏ ਹਨ ਉਹਨਾਂ ਚੋਂ ਮੁੱਖ ਕਾਰਨ ਹੈ ਉਹਨਾਂ ਦਾ ਵਿਕਾਊ ਜਿਹੇ ਇਨਸਾਨ ਨਾ ਹੋਣਾ. ਤਿੰਨ ਚਾਰ ਸਾਲ ਪਹਿਲਾਂ ਕੌਮ ਲਈ ਬਹੁਤ ਸਾਰੀਆਂ ਕੁਰਬਾਨੀਆਂ ਕਰਨ ਵਾਲ਼ੀ ਤੇ ਮਹੀਨ ਬੁੱਧੀ ਵਾਲ਼ੀ ਸ਼ਖਸ਼ੀਅਤ ਨਾਲ਼ ਵੀਚਾਰ ਕਰਦਿਆਂ ਮੈਂ ਪ੍ਰਸ਼ਨ ਪੁੱਛਿਆ ਸੀ ਕਿ ਸਾਰੀ ਕੌਮ ਸ਼ੋਸ਼ਲ ਮੀਡੀਆ ਤੇ ਇੱਕ ਦੂਸਰੇ ਨੂੰ ਵਿਕਾਊ ਹੋਣ ਦੇ ਸਰਟੀਫਿਕੇਟ ਵੰਡਦੀ ਰਹਿੰਦੀ ਹੈ ਪਰ ਅਸਲ ਵਿਕਾਊ ਬੰਦਿਆਂ ਦਾ ਕਿੰਝ ਪਤਾ ਲੱਗੇ. ਉਹਨਾਂ ਜਵਾਬ ਦਿੱਤਾ ਸੀ ਕਿ ਜਿਹਦੀ ਨਿੱਕੀ ਜਿਹੀ ਗੱਲ ਜਾਂ ਛੋਟੇ ਜਿਹੇ ਕੰਮ ਨੂੰ ਮੀਡੀਆ ਚਾਰ ਚਾਰ ਕਾਲਮ ਦੀ ਖਬਰ ਬਣਾ ਕੇ ਛਾਪੇ ਤਾਂ ਸਮਝ ਲੈਣਾ ਕਿ ਬੰਦਾ ਵਿਕਾਊ ਹੈ. ਪਰ ਜੇਕਰ ਬੰਦਾ ਆਪਣੇ ਆਪ ਨੂੰ ਖਤਮ ਤੱਕ ਕਰਕੇ ਵੱਡੇ ਤੋਂ ਵੱਡਾ ਕੰਮ ਕਰ ਜਾਵੇ ਤੇ ਮੀਡੀਆ ਉਹਦੇ ਵੱਲ ਤਵੱਕੋਂ ਨਾ ਦੇਵੇ ਜਾਂ ਖੂੰਜੇ ਜਿਹੇ ਚ ਛੋਟੀ ਜਿਹੀ ਖਬਰ ਲਾ ਕੇ ਸਾਰ ਦੇਵੇ ਤਾਂ ਸਮਝ ਲੈਣਾ ਕਿ ਇਹ ਬੰਦਾ ਆਪਣੇ ਕੌਮੀ ਸਟੈਂਡ ਤੇ ਅੜਿਆ ਰਿਹਾ ਹੈ. ਇਸ ਮਾਪਕ ਨੂੰ ਦੇਖਿਆਂ ਅੱਜ ਖੁਸ਼ੀ ਤੇ ਮਾਣ ਹੋ ਰਿਹਾ ਕਿ ਸ. ਹਰਭਜਨ ਸਿੰਘ ਬਾਰੇ ਪੰਥਕ ਮੀਡੀਆ ਚੁੱਪ ਹੈ। ਦੂਸਰਾ ਕਾਰਣ ਜੋ ਸਮਝ ਆਉਂਦਾ ਹੈ ਕਿ ਉਹਨਾਂ ਸੰਸਥਾ ਨੂੰ ਕਿਸੇ ਪਾਰਟੀ ਦਾ ਵੋਟ ਬੈਂਕ ਨਾ ਬਣਨ ਦਿੱਤਾ. ਉਹਨਾਂ ਨੇ ਸੰਸਥਾ ਨੂੰ ਸਿਰਫ ਪ੍ਰਚਾਰ ਦੇ ਕੰਮਾਂ ਤੱਕ ਸੀਮਤ ਰੱਖਿਆ ਜੋ ਸੰਸਥਾ ਦੇ ਲੰਮੇਰੇ ਤੇ ਬਿਹਤਰ ਭਵਿੱਖ ਲਈ ਜ਼ਰੂਰੀ ਵੀ ਸੀ. ਰਾਜਨੀਤਕ ਲੋਕਾਂ ਲਈ ਆਮ ਜਨਤਾ ਵੋਟ ਦੇ ਅੰਕੜੇ ਤੋਂ ਵੱਧ ਕੁੱਝ ਨਹੀਂ ਹੁੰਦੀ. ਅਜਿਹੇ ਗੈਰ ਰਾਜਨੀਤਕ ਵਿਅਕਤੀ ਦਾ ਚਲੇ ਜਾਣਾ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਭਾਵੇਂ ੳੇੁਸਨੇ ਕਿੰਨੇ ਵੀ ਮਹਾਨ ਕੰਮ ਕਿਉਂ ਨਾ ਕੀਤੇ ਹੋਣ. ਇਸ ਲਈ ਆਪਣੇ ਉਪਰ ਪੰਥਕ ਪਾਰਟੀਆਂ ਦਾ ਚੋਲ਼ਾ ਪਾਈ ਬੈਠੀਆਂ ਤੇ ਗੈਰ ਪੰਥਕ ਰਾਜਨੀਤਕ ਧਿਰਾਂ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ। ਸਿੱਖ ਮਿਸ਼ਨਰੀ ਕਾਲਜ ਦੇ ਪੰਘੂੜੇ ਤੋਂ ਆਪਣਾ ਸਿਧਾਂਤਕ ਜੀਵਨ ਸ਼ੁਰੂ ਕਰਕੇ ਵੱਖ ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੇ ਮੀਡੀਆ ਹਾਊਸਾਂ ਚ ਬੈਠੇ ਪੁਰਾਣੇ ਮਿਸ਼ਨਰੀਆਂ ਕੋਲ਼ੋਂ ਆਪਣੀ ਮਾਂ ਸੰਸਥਾ ਦੇ ਚੇਅਰਮੈਨ ਪ੍ਰਤੀ ਕੋਈ ਸੰਵੇਦਨਾ ਨਾ ਦਿਖਾਈ ਗਈ ਕਿਉਂਕਿ ਸ਼ਾਇਦ ਇਸ ਤਰਾਂ ਕਰਨ ਨਾਲ਼ ਉਹਨਾਂ ਦੇ ਸੰਸਥਾ ਨੂੰ ਅਲਵਿਦਾ ਕਹਿਣ ਦੇ ਕਾਰਨਾਂ ਉਪਰ ਪ੍ਰਸ਼ਨ ਚਿੰਨ੍ਹ ਲਗਦਾ ਸੀ. ਸਿੱਖ ਮਿਸ਼ਨਰੀ ਕਾਲਜ ਇੱਕ ਅਜਿਹੀ ਸੰਸਥਾ ਹੈ ਜਿਸਦੇ ਪ੍ਰਚਾਰਕ ਆਪਣੀ ਕਿਰਤ ਕਰਦੇ ਹੋਏ ਆਪਣੇ ਧਨ ਅਤੇ ਸਮੇਂ ਦੇ ਦਸਵੰਧ ਦੀ ਵਰਤੋਂ ਕਰਦਿਆਂ ਧਰਮ ਪ੍ਰਚਾਰ ਕਰਦੇ ਹਨ.ਸੰਸਥਾ ਉਹਨਾਂ ਨੂੰ ਕੁੱਝ ਨਹੀਂ ਦਿੰਦੀ ਸਗੋਂ ਉਹ ਸਾਰੀ ਜ਼ਿੰਦਗੀ ਸੰਸਥਾ ਨੂੰ ਸਮਰਪਿਤ ਕਰੀ ਰੱਖਦੇ ਹਨ. ਇਸ ਉੱਚੇ ਮਾਪਦੰਡ ਤੇ ਪੂਰੇ ਨਾ ਉਤਰ ਸਕਣ ਵਾਲ਼ੇ ਮਿਸ਼ਨਰੀ ਜਾਂ ਸਿਧਾਂਤਕ ਵਖਰੇਵਿਆਂ ਕਾਰਨ ਅਲੱਗ ਹੋਣ ਵਾਲ਼ੇ ਮਿਸ਼ਨਰੀ ਜਿੱਥੇ ਹੋਰ ਕਿਤੇ ਜਾਂਦੇ ਹਨ ਆਪਣੇ ਅਨੁਸ਼ਾਸ਼ਿਤ ਜੀਵਨ ਜਾਚ ਤੇ ਸੈਂਕੜੇ ਕਿਤਾਬਾਂ ਵਾਲ਼ਾ ਪ੍ਰਮਾਣੀਕ ਲਿਟਰੇਚਰ ਪੜ੍ਹਿਆ ਹੋਣ ਕਾਰਨ ਖੂਬ ਮਾਣ ਪਾਉਂਦੇ ਹਨ ਪਰ ਇਸ ਨੂੰ ਮਿਸ਼ਨਰੀ ਕਾਲਜ ਦੀ ਪ੍ਰਾਪਤੀ ਦੱਸਣ ਦੀ ਥਾਂ ਆਪਣੀ ਪ੍ਰਾਪਤੀ ਦੱਸਣ ਦੇ ਚੱਕਰ ਚ ਆਪਣੀ ਮਾਂ ਸੰਸਥਾ ਨੂੰ ਨਕਾਰ ਦਿੰਦੇ ਹਨ. ਇਹੀ ਕਾਰਨ ਹੈ ਕਿ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਚ ਪ੍ਰਭਾਵਸ਼ੀਲ ਥਾਵਾਂ ਤੇ ਬੈਠੇ ਇਹਨਾਂ ਸਾਬਕਾ ਮਿਸ਼ਨਰੀਆਂ ਨੇ ਉਹ ਪ੍ਰਤੀਕਿਰਿਆ ਨਹੀਂ ਦਿੱਤੀ ਜੋ ਉਹਨਾਂ ਨੂੰ ਦੇਣੀ ਚਾਹੀਦੀ ਸੀ। ਕਾਰਣ ਹੋਰ ਵੀ ਬਹੁਤ ਸਾਰੇ ਹੋ ਸਕਦੇ. ਇਹ ਮੇਰੇ ਨਿੱਜੀ ਵੀਚਾਰ ਹਨ. ਸ. ਹਰਭਜਨ ਸਿੰਘ ਜੀ ਵਰਗੀ ਸ਼ਖਸ਼ੀਅਤ ਦਾ ਮੁਲੰਕਣ ਵਰਤਮਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ. ਇਤਿਹਾਸ ਹੀ ਅਜਿਹੀਆਂ ਸ਼ਖਸ਼ੀਅਤਾਂ ਦਾ ਮੁੱਲ ਪਾਇਆ ਕਰਦਾ ਹੈ. ਜਿਵੇਂ ਜਿਵੇਂ ਸਮਾਂ ਬੀਤਦਾ ਜਾਏਗਾ ਉਹਨਾਂ ਦੀ ਸ਼ਖਸ਼ੀਅਤ ਨਿੱਖਰ ਕੇ ਸਾਹਮਣੇ ਆਉਂਦੀ ਜਾਵੇਗੀ ਤੇ ਭਵਿੱਖ ਦੀਆਂ ਕਈ ਪੀੜ੍ਹੀਆਂ ਲਈ ਉਹ ਚਾਨਣ ਮੁਨਾਰੇ ਤੇ ਰਾਹ ਦਸੇਰੇ ਬਣੇ ਰਹਿਣਗੇ।