AAP ਦੀ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, 25 ਨਵੇਂ ਚਿਹਰਿਆਂ ਨੂੰ ਮਿਲੀ ਟਿਕਟ; ਖੁੱਡੀਆਂ ਦੀ ਥਾਂ ਭਤੀਜਾ ਲੜੇਗਾ ਚੋਣ
ਆਮ ਆਦਮੀ ਪਾਰਟੀ (ਆਪ) ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪਾਰਟੀ ਨੇ 25 ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ‘ਆਪ’ ਹੁਣ ਤੱਕ ਕੁੱਲ 71 ਉਮੀਦਵਾਰਾਂ ਦੇ ਨਾਂ ਐਲਾਨ ਚੁੱਕੀ ਹੈ। ਪਾਰਟੀ ਦਸੰਬਰ ਦੇ ਅਖੀਰ ਤੱਕ ਬਾਕੀ ਉਮੀਦਵਾਰਾਂ ਦਾ ਐਲਾਨ ਕਰਨਾ ਚਾਹੁੰਦੀ ਹੈ।
ਦੂਜੀ ਸੂਚੀ ਵਿੱਚ ਸੱਤ ਮੌਜੂਦਾ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ਜਦਕਿ ਕਈ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। ਹਲਕਾ ਲੰਬੀ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਥਾਂ ਉਨ੍ਹਾਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪਾਰਟੀ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਇਸ ਤੋਂ ਪਹਿਲਾਂ ਦਿੱਲੀ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ।
‘ਆਪ’ ਨੇ 31 ਅਕਤੂਬਰ ਨੂੰ ਜਾਰੀ ਪਹਿਲੀ ਸੂਚੀ ਵਿੱਚ 40 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਉਸ ਸੂਚੀ ਵਿੱਚ ਸਾਰੇ ਮੌਜੂਦਾ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਦੂਜੀ ਸੂਚੀ ਵਿੱਚ ਉਨ੍ਹਾਂ 21 ਹਲਕਿਆਂ ’ਤੇ ਧਿਆਨ ਦਿੱਤਾ ਗਿਆ ਹੈ, ਜਿੱਥੋਂ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਵਿੱਚੋਂ 16 ਹਲਕਿਆਂ ’ਤੇ ਕਾਂਗਰਸ, ਦੋ-ਦੋ ਹਲਕਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ, ਜਦਕਿ ਇੱਕ ਹਲਕੇ ’ਤੇ ਬਸਪਾ ਨੇ ਜਿੱਤ ਹਾਸਲ ਕੀਤੀ ਸੀ।
ਕਈ ਮੌਜੂਦਾ ਵਿਧਾਇਕਾਂ ਅਤੇ ਸਾਬਕਾ ਮੰਤਰੀਆਂ ਦੀਆਂ ਟਿਕਟਾਂ ਕੱਟੀਆਂ
ਜਿਨ੍ਹਾਂ ਸਾਬਕਾ ਮੰਤਰੀਆਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ, ਉਨ੍ਹਾਂ ਵਿੱਚ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਖਰੜ ਤੋਂ ਅਨਮੋਲ ਗਗਨ ਮਾਨ ਸ਼ਾਮਲ ਹਨ। ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਵੀ ਟਿਕਟ ਨਹੀਂ ਦਿੱਤੀ ਗਈ। ਉਹ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ, ਬਠਿੰਡਾ ਦਿਹਾਤੀ ਤੋਂ ਅਮਿਤ ਰਤਨ, ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ ਅਤੇ ਜਲੰਧਰ ਕੇਂਦਰੀ ਤੋਂ ਰਮਨ ਅਰੋੜਾ ਦੀਆਂ ਟਿਕਟਾਂ ਵੀ ਕੱਟੀਆਂ ਗਈਆਂ ਹਨ। ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਮੁੜ ਉਮੀਦਵਾਰ ਨਹੀਂ ਬਣਾਇਆ ਗਿਆ।
ਪਾਰਟੀ ਨੇ ਦੋ ਮੌਜੂਦਾ ਸੰਸਦ ਮੈਂਬਰਾਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਕ੍ਰਮਵਾਰ ਬਰਨਾਲਾ ਅਤੇ ਫਗਵਾੜਾ ਤੋਂ ਟਿਕਟ ਦਿੱਤੀ ਹੈ। ਇਹ ਦੋਵੇਂ ਪਹਿਲਾਂ ਵਿਧਾਇਕ ਸਨ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਜਗਰਾਓਂ ਤੋਂ ਸਰਵਜੀਤ ਕੌਰ ਮਾਣੂਕੇ ਨੂੰ ਤੀਜੀ ਵਾਰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਬੱਲੂਆਣਾ ਤੋਂ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੂੰ ਮੁੜ ਟਿਕਟ ਦਿੱਤੀ ਗਈ ਹੈ। ਸਾਲ 2022 ਦੀਆਂ ਚੋਣਾਂ ਹਾਰਨ ਵਾਲੇ ਰਮਨ ਬਹਿਲ ਨੂੰ ਗੁਰਦਾਸਪੁਰ, ਸ਼ਮਸ਼ੇਰ ਸਿੰਘ ਨੂੰ ਦੀਨਾਨਗਰ ਅਤੇ ਡਾ. ਕੰਵਲ ਨੈਣ ਸਿੰਘ ਕੰਗ ਨੂੰ ਦਾਖਾ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸਾਬਕਾ PCS ਅਧਿਕਾਰੀ ਅਤੇ ਦੋ ਖਿਡਾਰੀਆਂ ਨੂੰ ਵੀ ਟਿਕਟ
ਬਠਿੰਡਾ ਦਿਹਾਤੀ ਤੋਂ ਸਾਬਕਾ PCS ਅਧਿਕਾਰੀ ਗੋਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਹਲਕੇ ਤੋਂ ਪਹਿਲਾਂ ਅਮਿਤ ਰਤਨ ਵਿਧਾਇਕ ਸਨ, ਪਰ ਉਹ ਵਿਜੀਲੈਂਸ ਕੇਸ ਵਿੱਚ ਘਿਰ ਗਏ ਸਨ।
ਦੂਜੀ ਸੂਚੀ ਵਿੱਚ ਦੋ ਖਿਡਾਰੀਆਂ ਨੂੰ ਵੀ ਥਾਂ ਦਿੱਤੀ ਗਈ ਹੈ। ਪੱਟੀ ਤੋਂ ਪਹਿਲਵਾਨ ਜਸਕੰਵਰ ਸਿੰਘ ਗਿੱਲ ਉਰਫ਼ ਜੱਸਾ ਪੱਟੀ ਅਤੇ ਸ਼ਾਹਕੋਟ ਤੋਂ ਨਾਮੀ ਕਬੱਡੀ ਖਿਡਾਰੀ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪਾਰਟੀ ਨੇ ਇਸ ਸੂਚੀ ਵਿੱਚ ਪੰਜ ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਵਿੱਚੋਂ ਚਾਰ ਨਵੇਂ ਚਿਹਰੇ ਹਨ। ਇਨ੍ਹਾਂ ਵਿੱਚ ਰਾਜਾਸਾਂਸੀ ਤੋਂ ਸੋਨੀਆ ਮਾਨ, ਫਿਲੌਰ ਤੋਂ ਹਰਜੋਤ ਕੌਰ ਲੋਹਟੀਆ, ਅਬੋਹਰ ਤੋਂ ਡਾ. ਸੁਹਾਨੀ ਡੋਡਾ ਅਤੇ ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ ਸ਼ਾਮਲ ਹਨ।
ਬਾਦਲ ਪਰਿਵਾਰ ਦੇ ਗੜ੍ਹ ਮੰਨੇ ਜਾਂਦੇ ਹਲਕਾ ਲੰਬੀ ਤੋਂ ‘ਆਪ’ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਟਿਕਟ ਦਿੱਤੀ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ।
ਪਰਗਟ ਸਿੰਘ ਅਤੇ ਚਰਨਜੀਤ ਚੰਨੀ ਦੇ ਮੁਕਾਬਲੇ ਉਤਾਰੇ ਉਮੀਦਵਾਰ
ਜਲੰਧਰ ਕੈਂਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੇ ਮੁਕਾਬਲੇ ‘ਆਪ’ ਨੇ ਦੀਪਕ ਬਾਲੀ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਚਮਕੌਰ ਸਾਹਿਬ ਤੋਂ ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਮਜੀਠਾ ਹਲਕੇ ਤੋਂ ਤਲਬੀਰ ਸਿੰਘ ਗਿੱਲ ਨੂੰ ਟਿਕਟ ਦਿੱਤੀ ਗਈ ਹੈ। ਇਸ ਹਲਕੇ ਤੋਂ ਇਸ ਸਮੇਂ ਗੁਨੀਵ ਕੌਰ ਮਜੀਠੀਆ ਵਿਧਾਇਕ ਹਨ।
ਦੂਜੀ ਸੂਚੀ ਵਿੱਚ ਮਾਝਾ ਖੇਤਰ ਦੇ 10, ਦੋਆਬਾ ਦੇ 11 ਅਤੇ ਮਾਲਵਾ ਖੇਤਰ ਦੇ 10 ਹਲਕਿਆਂ ਤੋਂ ਉਮੀਦਵਾਰ ਐਲਾਨੇ ਗਏ ਹਨ। ਇਸ ਸੂਚੀ ਵਿੱਚ ਤਿੰਨ ਡਾਕਟਰਾਂ ਅਤੇ ਇੱਕ ਐਡਵੋਕੇਟ ਨੂੰ ਵੀ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਵਰਗ ਲਈ ਰਾਖਵੇਂ ਨੌਂ ਹਲਕਿਆਂ ਤੋਂ ਉਮੀਦਵਾਰ ਐਲਾਨੇ ਗਏ ਹਨ। ਪਾਰਟੀ ਨੇ ਹੁਣ ਤੱਕ ਮੌਜੂਦਾ ਕੈਬਨਿਟ ਵਿੱਚੋਂ ਸਿਰਫ਼ ਸੰਜੀਵ ਅਰੋੜਾ ਨੂੰ ਹੀ ਟਿਕਟ ਦਿੱਤੀ ਹੈ।
ਦੂਜੀ ਸੂਚੀ ਵਿੱਚ ਇਨ੍ਹਾਂ ਉਮੀਦਵਾਰਾਂ ਨੂੰ ਮਿਲੀ ਟਿਕਟ
ਸੁਜਾਨਪੁਰ ਤੋਂ ਸਵਰਨ ਐੱਸ. ਸਲਾਰੀਆ, ਪਠਾਨਕੋਟ ਤੋਂ ਰੋਹਿਤ ਸਿਆਲ, ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ, ਫ਼ਤਿਹਗੜ੍ਹ ਚੂੜੀਆਂ ਤੋਂ ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ), ਅੰਮ੍ਰਿਤਸਰ ਉੱਤਰੀ ਤੋਂ ਕਰਮਜੀਤ ਸਿੰਘ ਰਿੰਟੂ, ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ, ਕਪੂਰਥਲਾ ਤੋਂ ਦਵਿੰਦਰ ਪਾਲ ਸਿੰਘ ਰੰਗਾ ਅਤੇ ਫਿਲੌਰ ਤੋਂ ਹਰਜੋਤ ਕੌਰ ਲੋਹਟੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਜਲੰਧਰ ਕੇਂਦਰੀ ਤੋਂ ਨਿਤਿਨ ਕੋਹਲੀ, ਜਲੰਧਰ ਉੱਤਰੀ ਤੋਂ ਵਨੀਤ ਧੀਰ, ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਮੁਕੇਰੀਆਂ ਤੋਂ ਸਰਬਜੋਤ ਸਿੰਘ ਸਾਬੀ, ਨਵਾਂ ਸ਼ਹਿਰ ਤੋਂ ਰੌਬੀ ਕੰਗ ਅਤੇ ਖਰੜ ਤੋਂ ਪਰਮਿੰਦਰ ਸਿੰਘ ਗੋਲਡੀ ਨੂੰ ਟਿਕਟ ਦਿੱਤੀ ਗਈ ਹੈ।
ਵਿਕਾਸ ਕੰਮਾਂ ਦੇ ਆਧਾਰ ’ਤੇ ਲਵਾਂਗੇ ਲੋਕ ਫ਼ਤਵਾ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵਿਕਾਸ ਕਾਰਜਾਂ ਅਤੇ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਤੋਂ ਫ਼ਤਵਾ ਲਵੇਗੀ। ਉਨ੍ਹਾਂ ਔਰਤਾਂ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ, 300 ਯੂਨਿਟ ਮੁਫ਼ਤ ਬਿਜਲੀ, ਨਹਿਰੀ ਪਾਣੀ ਅਤੇ ਤੀਰਥ ਯਾਤਰਾ ਯੋਜਨਾ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।
ਮਾਨ ਨੇ ਦੱਸਿਆ ਕਿ ਪਾਰਟੀ ਦੀਆਂ ਮੀਟਿੰਗਾਂ ਵਿੱਚ ਉਮੀਦਵਾਰਾਂ ਦੇ ਨਾਵਾਂ ’ਤੇ ਚਰਚਾ ਕੀਤੀ ਗਈ ਅਤੇ ਸਰਵੇਖਣਾਂ ਦੇ ਆਧਾਰ ’ਤੇ ਹਰੇਕ ਉਮੀਦਵਾਰ ਦੀ ਜਿੱਤਣ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਗਿਆ। ਇਸ ਤੋਂ ਬਾਅਦ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਦੂਜੀ ਸੂਚੀ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਕਿਹਾ ਕਿ ‘ਆਪ’ ਵਿੱਚ ਦੂਜੀਆਂ ਪਾਰਟੀਆਂ ਵਾਂਗ ਲੌਬਿੰਗ ਨਹੀਂ ਹੁੰਦੀ।