Punjab Infoline

ਪੰਜਾਬੀ

ਅਮਰੀਕਾ ਦੇ ਡਲਾਸ ’ਚ ਹੈਲੋਵੀਨ ਦੌਰਾਨ ਗੋਲੀਬਾਰੀ, 6 ਲੋਕਾਂ ਦੀ ਮੌਤ; ਦਰਜਨਾਂ ਜ਼ਖ਼ਮੀ

02 Nov, 2026 09:03 AM

 ਅਮਰੀਕਾ ਦੇ ਡਲਾਸ ’ਚ ਹੈਲੋਵੀਨ ਦੌਰਾਨ ਗੋਲੀਬਾਰੀ, 6 ਲੋਕਾਂ ਦੀ ਮੌਤ; ਦਰਜਨਾਂ ਜ਼ਖ਼ਮੀ

ਅਮਰੀਕਾ ਦੇ ਡਲਾਸ ਵਿੱਚ ਹੈਲੋਵੀਨ ਵੀਕਐਂਡ ਦੌਰਾਨ ਗੋਲੀਬਾਰੀ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਪੁਲੀਸ ਇਨ੍ਹਾਂ ਘਟਨਾਵਾਂ ਦੇ ਕਾਰਨਾਂ ਅਤੇ ਆਪਸੀ ਸਬੰਧਾਂ ਦੀ ਜਾਂਚ ਕਰ ਰਹੀ ਹੈ। ਪੁਲੀਸ ਮੁਖੀ ਡੈਨੀਅਲ ਕੋਮੌਕਸ ਨੇ ਦੱਸਿਆ ਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਗੋਲੀਬਾਰੀ ਦੀਆਂ ਤਿੰਨੋਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਸਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪੁਲੀਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀਬਾਰੀ ਕਿਉਂ ਸ਼ੁਰੂ ਹੋਈ। ਕੋਮੌਕਸ ਮੁਤਾਬਕ ਇਸ ਮਾਮਲੇ ਵਿੱਚ ਕੁਝ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, ਪਰ ਉਨ੍ਹਾਂ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਜਾਂ ਉਨ੍ਹਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਇਸ ਦੌਰਾਨ ਅਮਰੀਕਾ ਦੇ ਹੋਰ ਹਿੱਸਿਆਂ ਵਿੱਚ ਵੀ ਹਫ਼ਤੇ ਦੇ ਅਖ਼ੀਰ ’ਤੇ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਕਈ ਲੋਕਾਂ ਦੀ ਮੌਤ ਹੋਈ ਅਤੇ ਦਰਜਨਾਂ ਜ਼ਖ਼ਮੀ ਹੋਏ। ਅਲਾਬਾਮਾ ਵਿੱਚ ਦੋ ਯੂਨੀਵਰਸਿਟੀਆਂ ਵਿਚਾਲੇ ਫੁਟਬਾਲ ਮੈਚ ਦੌਰਾਨ ਵੀ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲੀਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਬੁਲਾਰੇ ਡੀ'ਰੇਲ ਫਰੀਮੈਨ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀ ਨੂੰ ਪੁਲੀਸ ਹੈੱਡਕੁਆਰਟਰ ਲਿਜਾਇਆ ਗਿਆ ਹੈ। ਘਟਨਾ ਵਾਲੀ ਥਾਂ ਤੋਂ ਕਈ ਹਥਿਆਰ ਵੀ ਬਰਾਮਦ ਕਰਕੇ ਸੁਰੱਖਿਅਤ ਕਰ ਲਏ ਗਏ ਹਨ।

 

https://youtube.com/shorts/1Yk7EPyDNPI?si=R1bpaAqxUBgjqUxr

Latest News