Punjab Infoline

ਪੰਜਾਬੀ

1984 ਸਿੱਖ ਨਸਲਕੁਸ਼ੀ ਦੀ ਯਾਦ 'ਚ ਬਰੈਂਪਟਨ ਸਿਟੀ ਹਾਲ ਦੇ ਝੰਡੇ 7 ਦਿਨਾਂ ਲਈ ਅੱਧੇ ਝੁਕਾਏ, 13 ਨਵੰਬਰ ਨੂੰ ਵੱਡਾ ਇਕੱਠ

02 Nov, 2026 08:54 AM

ਭਾਰਤ ਵਿੱਚ 1984 ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਵਾਪਰੇ ਸਿੱਖ ਨਸਲਕੁਸ਼ੀ ਕਾਂਡ ਦੇ ਪੀੜਤਾਂ ਦੀ ਯਾਦ ਵਿੱਚ ਕੈਨੇਡਾ ਦੇ ਬਰੈਂਪਟਨ ਸਿਟੀ ਕੌਂਸਲ ਦਫ਼ਤਰ ਦੇ ਝੰਡੇ ਇੱਕ ਹਫ਼ਤੇ ਲਈ ਅੱਧੇ ਝੁਕਾਏ ਗਏ ਹਨ। ਕੌਂਸਲ ਵੱਲੋਂ ਇਹ ਫ਼ੈਸਲਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਮੌਕੇ ਮੁਲਾਜ਼ਮਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 1 ਨਵੰਬਰ ਤੋਂ ਅੱਧੇ ਝੁਕਾਏ ਗਏ ਝੰਡੇ 7 ਨਵੰਬਰ ਤੱਕ ਇਸੇ ਤਰ੍ਹਾਂ ਰਹਿਣਗੇ।

ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਸ਼ਰਧਾਂਜਲੀ ਸਮਾਗਮ

1984 ਦੇ ਸਿੱਖ ਕਤਲੇਆਮ ਦੇ ਮ੍ਰਿਤਕਾਂ ਦੀ ਯਾਦ ਵਿੱਚ ਕੈਨੇਡਾ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਸ਼ੋਕ ਸਭਾਵਾਂ ਕਰਵਾਈਆਂ ਗਈਆਂ ਹਨ। ਇਨ੍ਹਾਂ ਵਿੱਚ ਵੈਨਕੂਵਰ, ਸਰੀ, ਅੱਬਟਸਫੋਰਡ, ਪਿਕਰਿੰਗ, ਕੈਲਗਰੀ, ਰੀਜਾਈਨਾ ਅਤੇ ਓਟਾਵਾ ਸ਼ਾਮਲ ਹਨ।

13 ਨਵੰਬਰ ਨੂੰ ਓਟਾਵਾ ਦੀ ਪਾਰਲੀਮੈਂਟ ਹਿੱਲ ਵਿਖੇ ਹੋਵੇਗਾ ਇਕੱਠ

13 ਨਵੰਬਰ ਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਪਾਰਲੀਮੈਂਟ ਹਿੱਲ ਨੇੜੇ ਸਿੱਖਾਂ ਦਾ ਵੱਡਾ ਇਕੱਠ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਟੋਰਾਂਟੋ, ਬਰੈਂਪਟਨ ਅਤੇ ਆਸ-ਪਾਸ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਸੰਗਤ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।

ਇਕੱਠ ਦੇ ਪ੍ਰਬੰਧਕਾਂ ਵਿੱਚੋਂ ਇੱਕ ਅਵਤਾਰ ਸਿੰਘ ਪੂਨੀਆ ਨੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵਾਪਰੇ ਭਿਆਨਕ ਕਤਲੇਆਮ ਦੀ ਜਾਣਕਾਰੀ ਵਿਸ਼ਵ ਪੱਧਰ 'ਤੇ ਪਹੁੰਚਾਈ ਜਾਵੇਗੀ। ਇਸ ਦੇ ਨਾਲ ਹੀ ਅਮਨ ਅਤੇ ਏਕਤਾ ਦਾ ਸੁਨੇਹਾ ਵੀ ਦਿੱਤਾ ਜਾਵੇਗਾ, ਤਾਂ ਜੋ ਭਵਿੱਖ ਵਿੱਚ ਅਜਿਹੀ ਦੁਖਾਂਤਕ ਘਟਨਾ ਮੁੜ ਨਾ ਵਾਪਰੇ।

Latest News