Moga AAP Rally: ਬਠਿੰਡਾ ਤੋਂ 200 ਬੱਸਾਂ ਮੋਗਾ ਭੇਜੀਆਂ, PRTC ਡੀਪੂ ਨੂੰ 33 ਲੱਖ ਦੇ ਨੁਕਸਾਨ ਦਾ ਦਾਅਵਾ
Moga AAP Rally: ਆਮ ਆਦਮੀ ਪਾਰਟੀ ਵੱਲੋਂ ਮੋਗਾ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦਾ ਅਸਰ ਬਠਿੰਡਾ ਦੀ ਬੱਸ ਆਵਾਜਾਈ 'ਤੇ ਵੀ ਪਿਆ ਹੈ। ਰੈਲੀ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਲਿਜਾਣ ਲਈ ਬਠਿੰਡਾ ਤੋਂ ਪੀਆਰਟੀਸੀ, ਕਿਲੋਮੀਟਰ ਸਕੀਮ ਅਤੇ ਨਿੱਜੀ ਮਿੰਨੀ ਬੱਸਾਂ ਸਮੇਤ ਲਗਪਗ 200 ਬੱਸਾਂ ਰਵਾਨਾ ਕੀਤੀਆਂ ਗਈਆਂ। ਇਸ ਕਾਰਨ ਆਮ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਬੱਸ ਅੱਡਿਆਂ 'ਤੇ ਮੁਸਾਫ਼ਰ ਲੰਮੇ ਸਮੇਂ ਤੱਕ ਬੱਸਾਂ ਦੀ ਉਡੀਕ ਕਰਦੇ ਰਹੇ।
ਬਠਿੰਡਾ ਵਿੱਚ ਪੀਆਰਟੀਸੀ ਦੇ ਸੂਤਰਾਂ ਅਨੁਸਾਰ ਰਿਸ਼ੀਕੇਸ਼, ਹਰਿਦੁਆਰ ਅਤੇ ਦੇਹਰਾਦੂਨ ਵਰਗੇ ਧਾਰਮਿਕ ਸਥਾਨਾਂ ਤੋਂ ਇਲਾਵਾ ਚੰਡੀਗੜ੍ਹ, ਸ਼ਿਮਲਾ ਅਤੇ ਹੋਰਨਾਂ ਅੰਤਰਰਾਜੀ ਰੂਟਾਂ 'ਤੇ ਜਾਣ ਵਾਲੇ ਯਾਤਰੀਆਂ ਨੂੰ ਬੱਸਾਂ ਦੀ ਘਾਟ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਜੰਮੂ-ਕਟੜਾ, ਧਰਮਸ਼ਾਲਾ ਅਤੇ ਬੜੂ ਸਾਹਿਬ ਸਮੇਤ ਕਈ ਮਹੱਤਵਪੂਰਨ ਰੂਟਾਂ ਦੀਆਂ ਬੱਸਾਂ ਵੀ ਰੈਲੀ ਲਈ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਪੀਆਰਟੀਸੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਤੋਂ ਵੱਖ-ਵੱਖ ਲੰਬੀ ਦੂਰੀ ਵਾਲੇ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਨੂੰ ਵੀ ਮੋਗਾ ਰੈਲੀ ਲਈ ਰਵਾਨਾ ਕੀਤਾ ਗਿਆ। ਇਸ ਕਾਰਨ ਸਵੇਰੇ ਆਪਣੇ ਨਿਰਧਾਰਤ ਸਮੇਂ 'ਤੇ ਸਫ਼ਰ ਕਰਨ ਲਈ ਬੱਸ ਅੱਡੇ ਪਹੁੰਚੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਮੁਸਾਫ਼ਰਾਂ ਨੂੰ ਆਪਣੀ ਯਾਤਰਾ ਵਿੱਚ ਦੇਰੀ ਕਰਨੀ ਪਈ, ਜਦਕਿ ਕੁਝ ਨੂੰ ਹੋਰ ਸਾਧਨਾਂ ਦਾ ਸਹਾਰਾ ਲੈਣਾ ਪਿਆ।
ਬਠਿੰਡਾ ਡੀਪੂ ਦੀਆਂ 132 ਬੱਸਾਂ ਰੈਲੀ ਲਈ ਭੇਜੀਆਂ
ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਠਿੰਡਾ ਡੀਪੂ ਵਿੱਚੋਂ 132 ਬੱਸਾਂ ਦਾ ਕਾਫਲਾ ਮੋਗਾ ਰੈਲੀ ਲਈ ਰਵਾਨਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਬਠਿੰਡਾ ਡੀਪੂ ਨੂੰ ਤਕਰੀਬਨ 33 ਲੱਖ ਰੁਪਏ ਦਾ ਨੁਕਸਾਨ ਹੋਵੇਗਾ।
ਮੋਗਾ ਰੈਲੀ ਵਿੱਚ ਪਹੁੰਚ ਰਹੀ ਪਾਰਟੀ ਦੀ ਕੌਮੀ ਲੀਡਰਸ਼ਿਪ
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਅੱਜ ਮੋਗਾ ਵਿੱਚ ਵੱਡੀ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਵਿੱਚ ਪਾਰਟੀ ਦੀ ਦਿੱਲੀ ਲੀਡਰਸ਼ਿਪ ਸਮੇਤ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਵੱਖ-ਵੱਖ ਇਲਾਕਿਆਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।