Punjab Infoline

ਪੰਜਾਬੀ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ 27 ਨਵੰਬਰ ਨੂੰ ਬਲੈਕਆਊਟ ਮੌਕ ਡਰਿੱਲ, ਰਾਤ 8 ਵਜੇ ਵੱਜੇਗਾ ਸਾਇਰਨ

26 Nov, 2026 03:48 PM

Punjab Blackout: ਪੰਜਾਬ ਵਿੱਚ ਨਾਗਰਿਕ ਸੁਰੱਖਿਆ ਦੀਆਂ ਤਿਆਰੀਆਂ ਨੂੰ ਪਰਖਣ ਲਈ 27 ਨਵੰਬਰ ਨੂੰ ਰਾਤ 8 ਵਜੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਦੌਰਾਨ ਏਅਰ ਰੇਡ ਚਿਤਾਵਨੀ ਸਾਇਰਨ ਵਜਾਇਆ ਜਾਵੇਗਾ ਅਤੇ ਚੁਣੇ ਹੋਏ ਇਲਾਕਿਆਂ ਵਿੱਚ ਸੰਕੇਤਕ ਬਲੈਕਆਊਟ ਲਾਗੂ ਕੀਤਾ ਜਾਵੇਗਾ।

ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤਹਿਤ ਕਰਵਾਏ ਜਾ ਰਹੇ ਇਸ ਅਭਿਆਸ ਦੀ ਸ਼ੁਰੂਆਤ ਏਅਰ ਰੇਡ ਚਿਤਾਵਨੀ ਸਾਇਰਨ ਨਾਲ ਹੋਵੇਗੀ। ਇਸ ਦੌਰਾਨ ਦੋ ਮਿੰਟ ਤੱਕ ਉੱਚੀ ਅਤੇ ਧੀਮੀ ਆਵਾਜ਼ ਵਿੱਚ ਸਾਇਰਨ ਵਜਾਇਆ ਜਾਵੇਗਾ। ਇਸ ਤੋਂ ਬਾਅਦ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਨਾਗਰਿਕ ਸੁਰੱਖਿਆ ਕੰਟਰੋਲਰ ਚੁਣੇ ਹੋਏ ਇਲਾਕਿਆਂ ਵਿੱਚ ਸੰਕੇਤਕ ਬਲੈਕਆਊਟ ਲਾਗੂ ਕਰਨਗੇ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਮੌਕ ਡਰਿੱਲ ਦੀ ਸਮਾਪਤੀ ’ਤੇ ਦੋ ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ ਵਜਾਇਆ ਜਾਵੇਗਾ। ਇਸ ਰਾਹੀਂ 'ਆਲ ਕਲੀਅਰ' ਯਾਨੀ ਖ਼ਤਰਾ ਟਲਣ ਦਾ ਸੰਕੇਤ ਦਿੱਤਾ ਜਾਵੇਗਾ।

ਫਿਰੋਜ਼ਪੁਰ ਵਿੱਚ ਹਾਊਸਿੰਗ ਬੋਰਡ ਕਲੋਨੀ ਵਿਖੇ ਹੋਵੇਗਾ ਅਭਿਆਸ

ਫਿਰੋਜ਼ਪੁਰ ਵਿੱਚ ਇਹ ਮੌਕ ਡਰਿੱਲ ਸ਼ਹਿਰ ਦੇ ਸਿਵਲ ਹਸਪਤਾਲ ਨੇੜੇ ਸਥਿਤ ਹਾਊਸਿੰਗ ਬੋਰਡ ਕਲੋਨੀ ਵਿੱਚ ਕਰਵਾਈ ਜਾਵੇਗੀ। ਤਿਆਰੀਆਂ ਸਬੰਧੀ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਹਿਮਾਂਸ਼ੂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।

ਹਾਲਾਂਕਿ, ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ।

ਘਬਰਾਉਣ ਦੀ ਲੋੜ ਨਹੀਂ, ਸ਼ਾਂਤ ਰਹਿਣ ਦੀ ਅਪੀਲ

ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਇਰਨ ਸੁਣਨ ਤੋਂ ਬਾਅਦ ਘਬਰਾਉਣ ਦੀ ਬਜਾਏ ਸ਼ਾਂਤ ਰਹਿਣ। ਇਸ ਦੇ ਨਾਲ ਹੀ ਮੌਕੇ ’ਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਕਰਨ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਹਿਲਾਂ ਤੋਂ ਨਿਰਧਾਰਤ ਮੌਕ ਅਭਿਆਸ ਹੈ। ਇਸ ਨੂੰ ਕਿਸੇ ਅਸਲ ਹਵਾਈ ਹਮਲੇ ਜਾਂ ਐਮਰਜੈਂਸੀ ਸਥਿਤੀ ਦਾ ਅਲਰਟ ਨਾ ਸਮਝਿਆ ਜਾਵੇ।

Latest News