Punjab Infoline

ਪੰਜਾਬੀ

ਮੋਗਾ ’ਚ ‘ਆਪ’ ਦੀ ਰੈਲੀ ਤੋਂ ਪਹਿਲਾਂ ਕੌਫੀ ਮਸ਼ੀਨ ’ਚ ਧਮਾਕਾ, ਇੱਕ ਵਿਅਕਤੀ ਦੀ ਮੌਤ

26 Nov, 2026 03:28 PM

AAP Moga Rally: ਮੋਗਾ ਵਿੱਚ ਆਮ ਆਦਮੀ ਪਾਰਟੀ ਦੀ ‘ਖੁਸ਼ਹਾਲ ਪੰਜਾਬ ਰੈਲੀ’ ਤੋਂ ਪਹਿਲਾਂ ਇੱਕ ਦਰਦਨਾਕ ਹਾਦਸਾ ਵਾਪਰਿਆ। ਰੈਲੀ ਵਾਲੀ ਥਾਂ ’ਤੇ ਲਗਾਈ ਗਈ ਕੌਫੀ ਬਣਾਉਣ ਵਾਲੀ ਮਸ਼ੀਨ ਵਿੱਚ ਧਮਾਕਾ ਹੋਣ ਕਾਰਨ ਇੱਕ ਕਾਮੇ ਦੀ ਮੌਤ ਹੋ ਗਈ। ਧਮਾਕੇ ਦੌਰਾਨ ਮਸ਼ੀਨ ਦਾ ਇੱਕ ਟੁਕੜਾ ਕਾਮੇ ਦੇ ਸਿਰ ਵਿੱਚ ਜਾ ਵੱਜਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਰੈਲੀ ਸਥਾਨ ’ਤੇ ਹਫੜਾ-ਦਫੜੀ ਮਚ ਗਈ।

ਇਹ ਘਟਨਾ ਮੋਗਾ-ਲੁਧਿਆਣਾ ਕੌਮੀ ਮਾਰਗ ’ਤੇ ਪਿੰਡ ਨੱਥੂਵਾਲਾ ਜਦੀਦ ਨੇੜੇ ਰੈਲੀ ਵਾਲੀ ਥਾਂ ’ਤੇ ਵਾਪਰੀ। ਕੌਫੀ ਮਸ਼ੀਨ ਮੀਡੀਆ ਕਰਮਚਾਰੀਆਂ ਅਤੇ ਪੱਤਰਕਾਰਾਂ ਲਈ ਖਾਣੇ ਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕਰਨ ਵਾਸਤੇ ਲਗਾਏ ਗਏ ਪੰਡਾਲ ਵਿੱਚ ਰੱਖੀ ਗਈ ਸੀ। ਮਸ਼ੀਨ ਅਚਾਨਕ ਫਟ ਗਈ ਅਤੇ ਇਸ ਦੀ ਲਪੇਟ ਵਿੱਚ ਉੱਥੇ ਕੰਮ ਕਰ ਰਿਹਾ ਕਾਮਾ ਆ ਗਿਆ।

ਮੁੱਢਲੀਆਂ ਰਿਪੋਰਟਾਂ ਅਨੁਸਾਰ, ਮਸ਼ੀਨ ਦੇ ਕੰਪ੍ਰੈਸਰ ਵਿੱਚ ਧਮਾਕਾ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਧਮਾਕੇ ਦੇ ਅਸਲ ਕਾਰਨ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੰਜਾਬ ਪੱਧਰੀ ‘ਖੁਸ਼ਹਾਲ ਪੰਜਾਬ ਰੈਲੀ’ ਦਾ ਪ੍ਰੋਗਰਾਮ

ਆਮ ਆਦਮੀ ਪਾਰਟੀ ਵੱਲੋਂ 26 ਨਵੰਬਰ ਨੂੰ ਆਪਣੇ ਸਥਾਪਨਾ ਦਿਵਸ ਮੌਕੇ ਮੋਗਾ ਵਿੱਚ ਸੂਬਾ ਪੱਧਰੀ ‘ਖੁਸ਼ਹਾਲ ਪੰਜਾਬ ਰੈਲੀ’ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਸਮਾਗਮ ਦੌਰਾਨ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ।

ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਕੈਬਨਿਟ, ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਪਾਰਟੀ ਇਸ ਰੈਲੀ ਰਾਹੀਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਮੁਹਿੰਮ ਦੀ ਸ਼ੁਰੂਆਤ ਵੀ ਕਰ ਰਹੀ ਹੈ।

Latest News