Punjab Infoline

ਪੰਜਾਬੀ

ਅੰਮ੍ਰਿਤਸਰ 'ਚ ਨਿਹੰਗ ਸਿੰਘਾਂ ਦੇ ਦੋ ਗੁੱਟਾਂ ਵਿਚਾਲੇ ਝੜਪ, ਬਚਾਅ ਕਰਨ ਪਹੁੰਚੀ ਮਹਿਲਾ SHO ਨਾਲ ਬਦਸਲੂਕੀ

19 Sep, 2026 12:07 PM

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਦੋ ਨਿਹੰਗ ਸਿੰਘ ਜਥੇਬੰਦੀਆਂ ਦੇ ਗੁੱਟਾਂ ਵਿਚਾਲੇ ਹੋਈ ਜ਼ੋਰਦਾਰ ਝੜਪ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਇਸ ਘਟਨਾ ਦੌਰਾਨ ਮੌਕੇ 'ਤੇ ਪਹੁੰਚੀ ਥਾਣਾ ਗੇਟ ਹਕੀਮਾ ਦੀ ਐਸਐਚਓ (SHO) ਮਨਜੀਤ ਕੌਰ ਨਾਲ ਕਥਿਤ ਤੌਰ 'ਤੇ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿੱਚ ਨਿਹੰਗਾਂ ਵਿਚਾਲੇ ਧੱਕਾ-ਮੁੱਕੀ ਅਤੇ ਮਹਿਲਾ ਪੁਲਿਸ ਅਧਿਕਾਰੀ ਨਾਲ ਖਿੱਚ-ਧੂਹ ਹੁੰਦੀ ਸਾਫ਼ ਦਿਖਾਈ ਦੇ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਨਿਹੰਗ ਸਿੰਘਾਂ ਦਾ ਇੱਕ ਸਮੂਹ ਧਰਨੇ 'ਤੇ ਬੈਠਾ ਸੀ। ਇਸੇ ਦੌਰਾਨ ਉਨ੍ਹਾਂ ਨੇ ਮਜੀਠਾ ਸਿੰਘ ਪੇਟੇਵਾੜ ਗਰੁੱਪ ਨਾਲ ਸਬੰਧਤ ਇੱਕ ਨਿਹੰਗ ਨੂੰ ਰੇਕੀ ਕਰਨ ਦੇ ਸ਼ੱਕ ਵਿੱਚ ਰੋਕ ਲਿਆ। ਬਹਿਸਬਾਜ਼ੀ ਤੋਂ ਬਾਅਦ, ਉਕਤ ਨਿਹੰਗ ਦੀ ਲਾਠੀਆਂ ਅਤੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਥੱਪੜ ਵੀ ਮਾਰੇ ਗਏ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਗੇਟ ਹਕੀਮਾ ਦੀ ਐਸਐਚਓ ਮਨਜੀਤ ਕੌਰ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੀ। ਜਦੋਂ ਪੁਲਿਸ ਨੇ ਜ਼ਖਮੀ ਨਿਹੰਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਅਤੇ ਖਿੱਚ-ਧੂਹ ਹੋ ਗਈ।

ਦੋਸ਼ ਲਾਇਆ ਜਾ ਰਿਹਾ ਹੈ ਕਿ ਇਸ ਦਖਲਅੰਦਾਜ਼ੀ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਮਹਿਲਾ ਐਸਐਚਓ ਨਾਲ ਵੀ ਮਾੜਾ ਵਿਵਹਾਰ ਅਤੇ ਬਦਸਲੂਕੀ ਕੀਤੀ। ਬਾਅਦ ਵਿੱਚ, ਪੁਲਿਸ ਜ਼ਖਮੀ ਨਿਹੰਗ ਨੂੰ ਸੁਰੱਖਿਅਤ ਉੱਥੋਂ ਕੱਢ ਕੇ ਆਪਣੀ ਗੱਡੀ ਵਿੱਚ ਥਾਣੇ ਲੈ ਗਈ।

Posted By: Punjab Infoline Bureau

Latest News