ਸ਼ਹੀਦ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਉੱਤੇ ਜੂਨ 1984 ਵਿੱਚ ਫੌਜੀ ਹਮਲਾ ਕਰਵਾਉਣ ਦੀ ਦੋਸ਼ੀ ਭਾਰਤ ਦੀ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਾਲਸਾਈ ਸਿਧਾਂਤਾਂ ਮੁਤਾਬਕ ਸਜ਼ਾ ਦੇਣ ਵਾਲੇ ਸਿੱਖ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਜੱਦੀ ਪਿੰਡ ਮਲੋਆ ਵਿਖੇ ਮਨਾਇਆ ਗਿਆ। ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁ. ਗੁਰੂ ਨਾਨਕ ਦਰਬਾਰ, ਮਲੋਆ ਵਿਖੇ ਸ਼ਹੀਦੀ ਸਮਾਗਮ ਕੀਤਾ ਗਿਆ। ਇਸ ਮੌਕੇ ਨਗਰ ਇਲਾਕੇ ਅਤੇ ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰੀਆਂ।ਸ਼ਹੀਦੀ ਸਮਾਗਮ ਵਿੱਚ ਵੱਖ-ਵੱਖ ਢਾਡੀ ਜਥਿਆਂ, ਕਥਾਵਾਚਕਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਬਿਮਲ ਕੌਰ ਖ਼ਾਲਸਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਥਕ ਏਕਤਾ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਗੱਲ ਕੀਤੀ। ਇੰਟਰਨੈਸ਼ਨਲ ਪੰਥਕ ਦਲ ਨੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਹਾਜ਼ਰੀ ਲਵਾਉਂਦਿਆਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰਾਂ ਭਾਈ ਸਰਬਜੀਤ ਸਿੰਘ ਖ਼ਾਲਸਾ, ਭਾਈ ਜਸਵਿੰਦਰ ਸਿੰਘ ਖ਼ਾਲਸਾ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੇ ਸਪੁੱਤਰ ਭਾਈ ਸਤਵੰਤ ਸਿੰਘ ਦਿੱਲੀ ਦਾ ਵਿਸ਼ੇਸ਼ ਸਨਮਾਨ ਕੀਤਾ। ਦਲ ਖ਼ਾਲਸਾ, ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਹੋਰਨਾਂ ਜਥੇਬੰਦੀਆਂ ਨੇ ਵੀ ਸ਼ਹੀਦ ਪਰਿਵਾਰਾਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ। ਇੰਟਰਨੈਸ਼ਨਲ ਪੰਥਕ ਦਲ ਦੇ ਮੁੱਖ ਬੁਲਾਰੇ ਭਾਈ ਕਪਤਾਨ ਸਿੰਘ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਸਿੱਖ ਕੌਮ ਦਾ ਸਰਮਾਇਆ ਹਨ, ਉਨ੍ਹਾਂ ਵੱਲੋਂ ਕੌਮੀ ਮਾਣ ਨੂੰ ਕਾਇਮ ਰੱਖਣ ਦੇ ਪਾਂਧੀ ਬਣਨਾ ਹਰ ਸਿੱਖ ਦਾ ਫਰਜ਼ ਹੈ। ਇਸ ਮੌਕੇ ਪੁੱਜੇ ਆਗੂਆਂ ਵਿੱਚ ਸਿੱਖ ਯੋਧਿਆਂ ਦੇ ਕੇਸ ਲੜਨ ਵਾਲੇ ਐਡਵੋਕੇਟ ਭਾਈ ਪੂਰਨ ਸਿੰਘ ਹੁੰਦਲ, ਐਡਵੋਕੇਟ ਭਾਈ ਅਮਰ ਸਿੰਘ ਚਾਹਲ, ਇੰਟਰਨੈਸ਼ਨਲ ਪੰਥਕ ਦਲ ਦੇ ਕੌਮਾਂਤਰੀ ਚੀਫ ਆਰਗੇਨਾਈਜ਼ਰ ਭਾਈ ਪਰਮਜੀਤ ਸਿੰਘ ਢਾਡੀ, ਭਾਈ ਬਲਵੀਰ ਸਿੰਘ ਰੰਧਾਵਾ ਪੈਨਲ ਮੈਂਬਰ, ਭਾਈ ਕਪਤਾਨ ਸਿੰਘ ਮੁੱਖ ਬੁਲਾਰਾ, ਗਿਆਨੀ ਰਾਜਪਾਲ ਸਿੰਘ ਖ਼ਾਲਸਾ ਮੀਡੀਆ ਸਕੱਤਰ, ਗੁਰਦੇਵ ਸਿੰਘ ਪ੍ਰਧਾਨ ਜਲੰਧਰ, ਬਲਜੀਤ ਸਿੰਘ ਮੰਡ ਪ੍ਰਧਾਨ ਕਪੂਰਥਲਾ, ਸੁਖਵਿੰਦਰ ਸਿੰਘ ਤੱਲ੍ਹਣ, ਦਲ ਖ਼ਾਲਸਾ ਦੇ ਮੁਖੀ ਭਾਈ ਹਰਪਾਲ ਸਿੰਘ ਚੀਮਾ, ਭਾਈ ਸਤਨਾਮ ਸਿੰਘ ਪਾਉਂਟਾ, ਭਾਈ ਕਰਨੈਲ ਸਿੰਘ ਪੀਰਮੁਹੰਮਦ ਸਿੱਖ ਸਟੂਡੈਂਟ ਫੈਡਰੇਸ਼ਨ, ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਭਾਈ ਸੁਖਜਿੰਦਰ ਸਿੰਘ ਬੱਸੀ ਪਠਾਣਾਂ, ਢਾਡੀ ਜੱਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ ਸ਼ਹੀਦੀ ਸਮਾਗਮ ਲਈ ਪੂਰਨ ਸਹਿਯੋਗ ਦਿੱਤਾ।