ਸਟੈਪਿੰਗ ਸਟੋਨਜ਼ ਸਕੂਲ ਵਿੱਚ ਬੱਚਿਆਂ ਲਈ ‘ਚਾਰ ਸਾਹਿਬਜ਼ਾਦੇ’ ਫ਼ਿਲਮ ਦਾ ਵਿਸ਼ੇਸ਼ ਪ੍ਰਦਰਸ਼ਨ

ਦੋਰਾਹਾ, 26 ਦਸੰਬਰ (ਅਮਰੀਸ਼ ਆਨੰਦ) — ਬੱਚਿਆਂ ਨੂੰ ਸਿੱਖ ਇਤਿਹਾਸ ਦੀ ਮਹਾਨ ਸ਼ਹਾਦਤ ਅਤੇ ਅਮਿੱਟ ਆਦਰਸ਼ਾਂ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ ਸਟੈਪਿੰਗ ਸਟੋਨਜ਼ ਸਕੂਲ, ਦੋਰਾਹਾ ਵਿੱਚ ਪ੍ਰਸਿੱਧ ਐਨੀਮੇਟਡ ਫ਼ਿਲਮ ‘ਚਾਰ ਸਾਹਿਬਜ਼ਾਦੇ’ ਦਾ ਵਿਸ਼ੇਸ਼ ਪ੍ਰਦਰਸ਼ਨ ਕਰਵਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਅਡੋਲ ਸ਼ਰਧਾ, ਅਟੱਲ ਵਿਸ਼ਵਾਸ, ਬੇਮਿਸਾਲ ਬਹਾਦੁਰੀ ਅਤੇ ਧਰਮ ਦੀ ਰੱਖਿਆ ਲਈ ਦਿੱਤੀ ਗਈ ਮਹਾਨ ਕੁਰਬਾਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਫ਼ਿਲਮ ਦੇ ਮਾਧਿਅਮ ਰਾਹੀਂ ਬੱਚਿਆਂ ਵਿੱਚ ਸਿੱਖ ਧਰਮ ਦੀ ਇਤਿਹਾਸਕ ਵਿਰਾਸਤ ਪ੍ਰਤੀ ਸਤਿਕਾਰ, ਦੇਸ਼ਭਗਤੀ ਅਤੇ ਉੱਚ ਨੈਤਿਕ ਮੁੱਲਾਂ ਦੀ ਭਾਵਨਾ ਜਾਗਰੂਕ ਕਰਨ ਦਾ ਸਾਰਥਕ ਉਪਰਾਲਾ ਕੀਤਾ ਗਿਆ।ਵਿਦਿਆਰਥੀਆਂ ਨੇ ਪੂਰੇ ਧਿਆਨ, ਆਦਰ ਅਤੇ ਸੰਵੇਦਨਸ਼ੀਲਤਾ ਨਾਲ ਫ਼ਿਲਮ ਦੇ ਦਰਸ਼ਨ ਕੀਤੇ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਣਾਦਾਇਕ ਸਿੱਖਿਆ ਪ੍ਰਾਪਤ ਕੀਤੀ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਜੋਤੀ ਸ਼ਰਮਾ ਅਤੇ ਮਨੇਜਿੰਗ ਡਾਇਰੈਕਟਰ ਸਮਦੀਸ਼ ਜੀ ਨੇ ਕਿਹਾ ਕਿ ਅਜਿਹੀਆਂ ਸਿੱਖਿਆਤਮਕ ਗਤੀਵਿਧੀਆਂ ਬੱਚਿਆਂ ਨੂੰ ਆਪਣੇ ਇਤਿਹਾਸ, ਧਰਮ ਅਤੇ ਸਭਿਆਚਾਰ ਨਾਲ ਜੋੜਦੀਆਂ ਹਨ ਅਤੇ ਉਨ੍ਹਾਂ ਦੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਵਿੱਚ ਸਹੀ ਸੰਸਕਾਰ, ਅਨੁਸ਼ਾਸਨ, ਸਹਿਨਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਵਿੱਚ ਸਹਾਇਕ ਸਾਬਤ ਹੁੰਦੇ ਹਨ।