ਪਟਿਆਲਾ, 24 ਸਤੰਬਰ(ਪੀ.ਐਸ.ਗਰੇਵਾਲ) ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਵਿਸ਼ੇਸ਼ ਸਕੱਤਰ ਸ੍ਰੀਮਤੀ ਤੰਨੂ ਕਸ਼ਯਪ ਨੇ ਦਿਹਾਤੀ ਖੇਤਰਾਂ ਦੀਆਂ ਔਰਤਾਂ ਨੂੰ ਸੱਦਾ ਕਿ ਉਹ ਆਪਣੀ ਆਰਥਿਕ ਤੌਰ ’ਤੇ ਸਵੈ ਨਿਰਭਰ ਹੋਣ ਅਤੇ ਆਪਣੇ ਘਰ ਦੀ ਵਿੱਤੀ ਸਥਿਤੀ ਮਜ਼ਬੂਤ ਕਰਨ ਲਈ ਸਵੈ ਸਹਾਇਤਾ ਸਮੂਹਾਂ ਨਾਲ ਜੁੜਨ ਨੂੰ ਤਰਜੀਹ ਦੇਣ। ਸ੍ਰੀਮਤੀ ਤੰਨੂ ਕਸ਼ਯਪ ਨੇ ਅੱਜ ਪਟਿਆਲਾ ਜ਼ਿਲੇ ਦੇ ਅੱਧੀ ਦਰਜਨ ਪਿੰਡਾਂ ਦਾ ਦੌਰਾ ਕਰਕੇ ਮਗਨਰੇਗਾ, ਅਜੀਵਿਕਾ ਮਿਸ਼ਨ, ਸਵੈ ਸਹਾਇਤਾ ਸਮੂਹਾਂ, ਪਾਕੀਜ਼ਾ ਅਤੇ ਪਿੰਡਾਂ ’ਚ ਚੱਲ ਰਹੇ ਵਿਕਾਸ ਕੰਮਾ ਦਾ ਜਾਇਜ਼ਾ ਲਿਆ। ਉਨਾਂ ਦੇ ਨਾਲ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਸ੍ਰੀ ਤਰਸੇਮ ਸਿੰਘ ਝੰਡੀ, ਨੈਸ਼ਨਲ ਰਿਸੋਰਸ ਪਰਸਨ ਸ੍ਰੀ ਮਾਧਵ ਰਾਏ ਨੰਦਨ ਤੇ ਅਜੀਵਿਕਾ ਮਿਸ਼ਨ ਦੇ ਸਟੇਟ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਸੋਨਮ ਬਾਂਸਲ ਵੀ ਮੌਜੂਦ ਸਨ। ਸ੍ਰੀਮਤੀ ਕਸ਼ਯਪ ਨੇ ਪਿੰਡ ਕੌਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਗਨਰੇਗਾ ਤਹਿਤ ਜੰਗਲਾਤ ਵਿਭਾਗ ਵੱਲੋਂ ਬਣਾਈ ਗਈ ਸ੍ਰੀ ਗੁਰੂ ਨਾਨਕ ਬਗੀਚੀ ਅਤੇ ਪਿੰਡ ਬਾਰਨ ਵਿਖੇ ਛੱਪੜ ਦੇ ਨਵੀਂਨੀਕਰਨ ਦੇ ਕਾਰਜ ਦਾ ਜਾਇਜਾ ਲਿਆ। ਉਨਾਂ ਨੇ ਪਿੰਡ ਕੌਲੀ ਵਿਖੇ ਡਿਸਪੈਂਸਰੀ ’ਚ ਬੂਟੇ ਵੀ ਲਗਾਏ। ਇਸ ਤੋਂ ਬਾਅਦ ਉਹ ਪਿੰਡ ਸ਼ੇਰ ਮਾਜਰਾ ਵਿਖੇ ਮਗਨਰੇਗਾ ਤਹਿਤ ਬਣਾਏ ਗਏ ਸੂਰ ਫਾਰਮ ਦਾ ਜਾਇਜਾ ਲੈਣ ਗਏ ਅਤੇ ਬਾਅਦ ਵਿੱਚ ਸਨੌਰ ਬਲਾਕ ਦੇ ਪਿੰਡ ਬੱਤਾ ਵਿਖੇ ਕਰਵਾਏ ਇੱਕ ਸਮਾਗਮ ’ਚ ਹਿੱਸਾ ਲਿਆ। ਇੱਥੇ ਪਟਿਆਲਾ ਨੇੜਲੇ ਪਿੰਡ ਰਵਾਸ ਬ੍ਰਾਹਮਣਾਂ ਵਿਖੇ ਅਜੀਵਿਕਾ ਮਿਸ਼ਨ ਤੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ, ਜਿਨਾਂ ’ਚ ਕਿ੍ਰਸ਼ੀ ਸਖੀ, ਪਸ਼ੂ ਸਖੀ, ਬੈਂਕ ਸਖੀ, ਕਲਸਟਰ ਲੈਵਲ ਫੈਡਰੇਸ਼ਨ ਦੇ ਨੁਮਾਇੰਦੇ ਵਜੋਂ ਸ਼ਾਮਲ ਹੋਈਆਂ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ, ਨਾਲ ਰੂ-ਬ-ਰੂ ਦੌਰਾਨ ਸ੍ਰੀਮਤੀ ਤੰਨੂ ਕਸ਼ਯਪ ਨੇ ਦੱਸਿਆ ਕਿ ਪਟਿਆਲਾ ਜ਼ਿਲਾ ਪੰਜਾਬ ਦੇ ਉਨਾਂ ਮੋਹਰੀ ਜ਼ਿਲਿਆਂ ’ਚ ਸ਼ਾਮਲ ਹੈ, ਜਿੱਥੇ ਅਜੀਵਿਕਾ ਸਕੀਮ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ। ਉਨਾਂ ਦੱਸਿਆ ਕਿ ਪਟਿਆਲਾ ਜ਼ਿਲੇ ਦੀਆਂ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਅੱਜ ਸਮੁੱਚੇ ਪੰਜਾਬ ਲਈ ਇੱਕ ਉਦਾਹਰਣ ਬਣ ਚੁੱਕੀਆਂ ਹਨ ਅਤੇ ਜ਼ਿਲਾ ਇਸ ਵਿਤੀ ਸਾਲ ਦੇ ਅੰਤ ਤੱਕ ਹੋਰ ਅੱਗੇ ਪੁਲਾਂਘਾਂ ਪੁੱਟੇਗਾ। ਉਨਾਂ ਦੱਸਿਆ ਕਿ ਇਨਾਂ ਸਖੀਆਂ ਨੂੰ ਪਹਿਲਾਂ ਮੱਧ ਪ੍ਰਦੇਸ਼ ਦੀਆਂ ਿਸ਼ੀ ਤੇ ਪਸ਼ੂ ਸਖੀਆਂ ਨੇ ਸਿਖਲਾਈ ਪ੍ਰਦਾਨ ਕੀਤੀ ਸੀ ਪਰੰਤੂ ਹੁਣ ਜਲਦ ਹੀ ਪਟਿਆਲਾ ਜ਼ਿਲੇ ਦੀਆਂ ਇਹ ਸਖੀਆਂ ਕਮਿਉਨਿਟੀ ਰਿਸੋਰਸ ਪਰਸਨ ਬਣਕੇ ਦੂਜੇ ਰਾਜਾਂ ‘ਚ ਸਿਖਲਾਈ ਦੇਣ ਜਾਣਗੀਆਂ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਸ੍ਰੀਮਤੀ ਤੰਨੂ ਦਾ ਸਵਾਗਤ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਪਟਿਆਲਾ ਪੰਜਾਬ ਭਰ ’ਚੋਂ ਮੋਹਰੀ ਰਹੇਗਾ। ਇਸ ਮੌਕੇ ਅਜੀਵਿਕਾ ਮਿਸ਼ਨ ਨਾਲ ਜੁੜੀ ਮਵੀ ਸੱਪਾਂ ਦੀ ਔਰਤ ਸ਼ਿੰਦਰਪਾਲ ਕੌਰ ਨੇ ਆਪਣੀ ਸਫ਼ਲਤਾ ਦੀ ਕਹਾਣੀ ਸੁਣਾਈ। ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਮੂ ਫਾਰਮ ਪ੍ਰਾਈਵੇਟ ਲਿਮਟਡ ਦੇ ਫਾਊਂਡਰ ਸ੍ਰੀ ਪਰਮ ਸਿੰਘ ਨੇ ਫਾਰਮ ਸਖੀਆਂ ਬਨਾਉਣ ਅਤੇ ਪਸ਼ੂਆਂ ਦੀ ਸੰਭਾਲ ਬਾਰੇ ਦੱਸਿਆ। ਬਾਗਬਾਨੀ ਵਿਭਾਗ ਦੇ ਐਚ.ਡੀ.ਓ. ਡਾ. ਦਿਲਪ੍ਰੀਤ ਸਿੰਘ ਦੁਲੇਅ ਨੇ ਘਰੇਲੂ ਬਗੀਚੀ ਤੇ ਢੀਂਗਰੀ ਮਸ਼ਰੂਮ ਬਾਰੇ ਜਾਣਕਾਰੀ ਦਿੱਤੀ। ਪਸ਼ੂ ਪਾਲਣ ਤੋਂ ਡਾ. ਜੀਵਨ ਗੁਪਤਾ, ਸਵੈ ਸਹਾਇਤ ਗਰੁਪਾਂ ਕੋਆਡੀਨੇਟਰ ਸ੍ਰੀਮਤੀ ਰੀਨਾ ਅਤੇ ਅਜੀਵਿਕਾ ਮਿਸ਼ਨ ਦੇ ਸ. ਨਵਦੀਪ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਪ੍ਰੋਗਰਾਮ ਅਫ਼ਸਰ ਸ੍ਰੀ ਵਿਜੇ ਧੀਰ, ਡੀ.ਐਫ.ਓ. ਸ. ਹਰਭਜਨ ਸਿੰਘ, ਕਾਰਜਕਾਰੀ ਇੰਜੀਨੀਅਰ ਸ. ਤੇਜਿੰਦਰ ਸਿੰਘ ਮੁਲਤਾਨੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।