ਨਵਾਂਸ਼ਹਿਰ, 24 ਸਤੰਬਰ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਭਰ `ਚ ਮੌਸਮ ਵਿਭਾਗ ਵਲੋਂ ਤੇਜ਼ ਬਾਰਿਸ਼ਾਂ ਦੀ ਚਿਤਾਵਨੀ ਦੇ ਮੱਦੇ ਨਜਰ ਕੱਲ੍ਹ ਤੋਂ ਆਰੰਭੇ ਬਚਾਅ ਪ੍ਰਬੰਧਾਂ ਦੀ ਲੜੀ `ਚ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਤੇ ਐਸ.ਐਸ.ਪੀ. ਦੀਪਕ ਹਿਲੌਰੀ ਵਲੋਂ ਧੁੱਸੀ ਬੰਨ੍ਹ ਦੇ ਨਾਜ਼ੁਕ ਥਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਡਰੇਨੇਜ਼ ਮਹਿਕਮੇ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਖੁ਼ਦ ਨਾਜੁਕ ਥਾਵਾਂ ਦਾ ਨਿਰੀਖਣ ਕਰਨ ਤੇ ਬਣਦੀ ਕਾਰਵਾਈ ਸ਼ੁਰੂ ਕਰਵਾਉਣ ।ਡਿਪਟੀ ਕਮਿਸ਼ਨਰ ਨੇ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ, ਡਰੇਨੇਜ਼ ਮਹਿਕਮੇ, ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ, ਮਾਲ ਮਹਿਕਮੇ, ਸਿਹਤ ਮਹਿਕਮੇ, ਪਸ਼ੂ ਪਾਲਣ ਮਹਿਕਮੇ ਤੇ ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਦੌਰਾਨ ਜ਼ਿਲ੍ਹੇ `ਚ ਤਿਆਰ ਕੀਤੇ ਗਏ 13 ਰਾਹਤ ਕੇਂਦਰਾਂ `ਤੇ ਲੋੜੀਂਦੇ ਪ੍ਰਬੰਧ ਅੱਜ ਤੋਂ ਹੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਨ੍ਹਾਂ ਰਾਹਤ ਕੇਂਦਰਾਂ ਵਿੱਚ ਨਵਾਂਸ਼ਹਿਰ ਸਬ ਡਿਵੀਜਨ `ਚ ਔੜ, ਬਜੀਦਪੁਰ, ਭਾਰਟਾ ਕਲਾਂ, ਰਾਹੋਂ-1, ਰਾਹੋਂ-2, ਜਲਵਾਹਾ, ਸ਼ੇਖੂਪੁਰ ਬਾਗ, ਮੁਜੱਫਰਪੁਰ ਅਤੇ ਬਲਾਚੌਰ ਸਬ ਡਿਵੀਜਨ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਫ਼ਤਿਹਪੁਰ, ਬੀੜ ਕਾਠਗੜ੍ਹ, ਸਰਕਾਰੀ ਹਾਈ ਸਕੂਲ ਗਰਲੇ, ਕੰਗਣਾ ਤੇ ਮੁਤੋਂ ਸ਼ਾਮਿਲ ਹਨ। ਅੱਜ ਸ਼ਾਮ ਤਕ ਇਨ੍ਹਾਂ 13 ਥਾਵਾਂ `ਤੇ ਮਾਲ ਮਹਿਕਮੇ, ਸਿਹਤ ਮਹਿਕਮੇ, ਪਸ਼ੂ ਪਾਲਣ ਮਹਿਕਮੇ ਤੇ ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਦੀ ਤਾਇਨਾਤੀ ਵੀ ਯਕੀਨੀ ਬਣਾ ਦਿੱਤੀ ਗਈ। ਉਨ੍ਹਾਂ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵਲੋਂ ਤਾਜੋਵਾਲ, ਮੰਢਾਲਾ ਤੇ ਚੱਕ ਇਲਾਹੀ ਬੱਖਸ਼ ਵਿਖੇ ਧੁੱਸੀ ਬੰਨ੍ਹ ਦੀ ਸਥਿਤੀ ਨਾਜ਼ੁਕ ਹੋਣ ਬਾਰੇ ਦੱਸੇ ਜਾਣ `ਤੇ ਤੁਰੰਤ ਇਨ੍ਹਾਂ ਥਾਵਾਂ `ਤੇ ਮਜ਼ਬੂਤੀ ਕਾਰਜ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵਲੋਂ ਖੁ਼ਦ ਦੇਰ ਸ਼ਾਮ ਤਾਜੋਵਾਲ ਵਿਖੇ ਬੰਨ੍ਹ ਦਾ ਜਾਇਜ਼ਾਂ ਵੀ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸਪੱਸ਼ਟ ਤੌਰ `ਤੇ ਨਿਰਦੇਸ਼ ਦਿੱਤੇ ਕਿ ਅਗਲੇ 3-4 ਦਿਨਾਂ ਦੌਰਾਨ ਪੰਜਾਬ ਸਰਕਾਰ ਵਲੋਂ ਜਾਰੀ ਚਿਤਾਵਨੀ ਦੇ ਮੱਦੇ ਨਜਰ ਇ੍ਹਨ੍ਹਾਂ ਮਹਿਕਮਿਆਂ ਨਾਲ ਸਬੰਧਤ ਖਾਸ ਤੌਰ `ਤੇ ਰਾਹਤ ਕੇਂਦਰਾਂ `ਤੇ ਤਾਇਨਾਤ ਕੀਤੇ ਅਧਿਕਾਰੀ/ਕਰਮਚਾਰੀ ਸਟੇਸ਼ਨ ਨਾ ਛੱਡਣ। ਉਨ੍ਹਾਂ ਹੋਰਨਾਂ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਸਟੇਸ਼ਨਾਂ `ਤੇ ਹਾਜ਼ਰ ਰਹਿਣ ਲਈ ਆਖਿਆ। ਉਨ੍ਹਾਂ ਨੇ ਪਿੰਡਾਂ ਵਿੱਚ ਸਮੂਹ ਪਟਵਾਰੀਆਂ ਰਾਹੀਂ ਦਰਿਆ ਸਤਲੁਜ ਦੇ ਬੰਨ੍ਹ ਨੇੜਲੇ ਲੋਕਾਂ ਤਕ ਉਨ੍ਹਾਂ ਦੇ ਪਿੰਡਾਂ ਨੇੜੇ ਪੈਂਦੇ ਰਾਹਤ ਕੇਂਦਰਾਂ ਦੀ ਜਾਣਕਾਰੀ ਦੇਣੀ ਵੀ ਯਕੀਨੀ ਬਣਾਉਣ ਲਈ ਕਿਹਾ। ਸ੍ਰੀ ਬਬਲਾਨੀ ਨੇ ਜ਼ਿਲ੍ਹਾ ਮਾਲ ਅਫ਼ਸਰ ਨੂੰ ਨੋਡਲ ਅਫ਼ਸਰ ਵਜੋਂ ਤਹਿਸੀਲਦਾਰਾਂ, ਸਿਹਤ ਵਿਭਾਗ, ਪਸ਼ੂ ਪਾਲਣ, ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੁਕੰਮਲ ਤਾਲਮੇਲ ਬਣਾ ਕੇ ਰੱਖਣ ਦੇ ਨਿਰਦੇਸ਼ ਦਿੰਦਿਆ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਆਖਿਆ। ਉਨ੍ਹਾਂ ਨੇ ਐਸ.ਐਸ.ਪੀ. ਦੀਪਕ ਹਿਲੌਰੀ ਨੂੰ ਵੀ ਬੰਨ੍ਹ ਨੇੜਲੇ ਇਲਾਕਿਆ ਨਾਲ ਸਬੰਧਤ ਥਾਣਿਆਂ ਦੇ ਮੁਖੀਆਂ ਨੂੰ ਵੀ ਇਸ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ ਕਰਨ ਲਈ ਆਖਿਆ। ਮੀਟਿੰਗ `ਚ ਡੀ.ਐਸ.ਪੀ. ਨਵਾਂਸ਼ਹਿਰ ਮੁਖਤਿਆਰ ਰਾਏ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰੇਨੂ ਬਾਲਾ ਵਰਮਾ, ਜਲ ਨਿਕਾਸ ਮੰਡਲ ਫਗਵਾੜਾ ਦੇ ਕਾਰਜਕਾਰੀ ਇੰਜੀਨੀਅਰ ਰਾਮ ਰਤਨ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ, ਜ਼ਿਲ੍ਹਾ ਮਾਲ ਅਫ਼ਸਰ ਵਿਪਨ ਭੰਡਾਰੀ, ਡੀ.ਡੀ.ਪੀ.ਓ. ਹਰਨੰਦਨ ਸਿੰਘ ਆਦਿ ਮੌਜੂਦ ਸਨ।