ਟਾਵਰ ਲਾਈਨ ਦੇ ਵਿਰੋਧ 'ਚ ਲਗਾਇਆ ਗਿਆ ਧਰਨਾ ਚੌਥੇ ਦਿਨ ਵੀ ਜਾਰੀ। ਕਿਸਾਨਾਂ ਨੂੰ ਮਿਲੀ ਪਹਿਲੀ ਸਫਲਤਾ, ਕੰਮ ਕੀਤਾ ਬੰਦ।

ਤਲਵੰਡੀ ਸਾਬੋ, 17 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਗੈਸ ਪਲਾਂਟ ਦੇ ਗੇਟ ਟਾਵਰ ਲਾਈਨ ਦੇ ਵਿਰੋਧ ਵਿਚ ਰੱਖਿਆ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਵੱਲੋਂ ਕਿਸਾਨਾਂ ਨੂੰ ਵੱਖ ਵੱਖ ਤਰਾਂ ਦੀਆਂ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਇਆ ਗਿਆ ਸਰਕਾਰੀ ਅਧਿਕਾਰੀਆਂ ਵਲੋਂ ਰੋਜ਼ਾਨਾ ਦੀ ਤਰਾਂ ਮੀਟਿੰਗ ਦੀ ਗੱਲ ਕਰਦਿਆਂ ਅਖੀਰ ਐਸਐਸਪੀ ਸਾਹਿਬ ਬਠਿੰਡਾ ਨਾਲ ਗੱਲਬਾਤ ਕਰਨ ਦਾ ਸਮਾਂ ਨਿਸਚਿਤ ਕਰਕੇ ਕੰਮ ਰੁਕਵਾਉਣ ਸਬੰਧੀ ਕਾਰਵਾਈ ਕੀਤੀ ਗਈ ਜਿਸਦੇ ਫਲਸਰੂਪ ਟਾਵਰ ਕੰਪਨੀ ਨੂੰ ਡੀਸੀ ਸਾਹਿਬ ਬਠਿੰਡਾ ਵੱਲੋਂ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਗਏ। ਪ੍ਰੰਤੂ ਕੰਪਨੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇਸ ਹੁਕਮ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਾਮ 4 ਵਜੇ ਤੱਕ ਕੰਮ ਨਾ ਰੋਕਿਆ। ਅਖੀਰ ਜਥੇਬੰਦੀ ਵਲੋਂ ਸਖਤ ਕਦਮ ਉਠਾਉਣ ਦੀ ਬਿਆਨਬਾਜੀ ਕਰਦਿਆਂ ਐਕਸ਼ਨ ਲੈਣ ਦੀ ਤਿਆਰੀ ਕੀਤੀ ਤਾਂ ਪ੍ਰਸ਼ਾਸ਼ਨ ਵੱਲੋਂ ਸਖਤ ਰੁੱਖ ਆਪਣਾ ਕੇ ਕੰਪਨੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਾੜਨਾ ਕੀਤੀ ਤੇ 5.15 ਸ਼ਾਮ ਕੰਮ ਬੰਦ ਕਰਵਾ ਦਿੱਤਾ ਗਿਆ। ਇਸ ਉਪਰੰਤ ਜਥੇਬੰਦੀ ਵਲੋਂ ਗੇਟ ਖੋਲ ਕੇ ਗੱਡੀਆਂ ਲਗਾਉਣ ਦੀ ਇਜ਼ਾਜਤ ਦਿੱਤੀ ਗਈ ਅਤੇ ਧਰਨਾ ਨੀਅਤ ਰੂਪ ਵਿੱਚ ਰੱਖਣ ਦੀ ਗੱਲ ਕੀਤੀ ਗਈ। ਜਿਸਦੇ ਤਹਿਤ ਜਿੰਨੀ ਦੇਰ ਤੱਕ ਡੀਸੀ ਸਾਹਿਬ ਬਠਿੰਡਾ ਨਾਲ ਗੱਲਬਾਤ ਨਹੀਂ ਹੁੰਦੀ ਤਦ ਤੱਕ ਟਾਵਰਾਂ ਦਾ ਕੰਮ ਬੰਦ ਰਹੇਗਾ ਅਤੇ ਧਰਨਾ ਚਲਦਾ ਰਹੇਗਾ। ਵੱਖ-ਵੱਖ ਆਗੂਆ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਬਿਆਨ ਵਿੱਚ ਇਹ ਦੱਸਿਆ ਗਿਆ ਕਿ ਜਿੰਨੀ ਦੇਰ ਤੱਕ ਇਸ ਮਸਲੇ ਦਾ ਪੂਰਾ ਪੂਰਾ ਹੱਲ ਨਹੀਂ ਹੋ ਜਾਂਦਾ ਤਦ ਤੱਕ ਕਿਸਾਨ ਜਥੇਬੰਦੀ ਵਲੋਂ ਕੁਰਬਾਨੀਆਂ ਦੇਣ ਤੱਕ ਦਾ ਹੁੰਗਾਰਾ ਭਰਿਆ ਜਾਵੇਗਾ। ਇਸ ਧਰਨੇ ਨੂੰ ਬਲਵਿੰਦਰ ਸਿੰਘ ਜੋਧਪੁਰ, ਕਾਲਾ ਸਿੰਘ ਕਮਾਲੂ, ਅੰਗਰੇਜ ਸਿੰਘ ਕਲਿਆਣ, ਮਹਿਮਾ ਸਿੰਘ ਚੱਠੇਵਾਲਾ, ਯੋਧਾ ਸਿੰਘ ਨੰਗਲਾ ਆਦਿ ਆਗੂਆਂ ਨੇ ਸ਼ਮੂਲੀਅਤ ਕਰਕੇ ਕਿਸਾਨਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ।