ਧੂਰੀ, 26 ਦਸੰਬਰ (ਮਹੇਸ਼ ਜਿੰਦਲ) - ਸਥਾਨਕ ਖੰਡ ਮਿੱਲ ਵੱਲੋਂ ਇਲਾਕੇ ਦੇ ਗੰਨਾਂ ਕਾਸ਼ਤਕਾਰਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਗੰਨੇ ਦੇ ਭਾਅ ਦੇ ਬਰਾਬਰ ਭਾਅ ਨਾ ਦਿੱਤੇ ਜਾਣ ਅਤੇ ਖੰਡ ਮਿੱਲ ਵੱਲੋਂ ਸਥਾਨਕ ਕਿਸਾਨਾਂ ਦਾ ਗੰਨਾ ਖ਼ਰੀਦਣ ਦੀ ਬਜਾਏ ਬਾਹਰਲੇ ਸੂਬਿਆਂ ਦੇ ਗੰਨੇ ਨੂੰ ਤਰਜੀਹ ਦੇਣ ਦੇ ਰੋਸ ਵਜੋਂ ਗੰਨਾ ਕਾਸ਼ਤਕਾਰਾਂ ਵੱਲੋਂ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਥਾਨਕ ਖੰਡ ਮਿੱਲ ਅੱਗੇ ਸ਼ੁਰੂ ਕੀਤਾ ਗਿਆ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਬਾਅਦ ਦੁਪਹਿਰ ਪ੍ਰਦਰਸ਼ਨਕਾਰੀਆਂ ਵੱਲੋਂ ਸਥਾਨਕ ਮਲੇਰਕੋਟਲਾ ਬਾਈਪਾਸ ’ਤੇ ਧਰਨਾ ਲਗਾ ਕੇ ਸੰਗਰੂਰ-ਮਲੇਰਕੋਟਲਾ ਰੋਡ ’ਤੇ ਆਵਾਜਾਈ ਠੱਪ ਕਰ ਦਿੱਤੀ ਗਈ। ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਮਿੱਲ ਪ੍ਰਬੰਧਕਾਂ ਵੱਲੋਂ ਲੰਘੇ ਦਿਨੀਂ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕੀਤੀ ਗਈ ਸੀ , ਜਿਸ ਵਿਚ ਮਿੱਲ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਸੀ ਕਿ ਇਲਾਕੇ ਅੰਦਰ ਗੰਨੇ ਦਾ ਉਤਪਾਦ ਘੱਟ ਹੋਣ ਕਾਰਨ ਅਤੇ ਮਿੱਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਹਰਲੇ ਸੂਬੇ ਤੋਂ ਰੋਜ਼ਾਨਾ 20 ਟਰਾਲੀਆਂ ਗੰਨਾ ਖ਼ਰੀਦਣ ਦੀ ਲੋੜ ਹੈ ਅਤੇ ਮਿੱਲ ਪ੍ਰਬੰਧਕਾਂ ਵੱਲੋਂ ਬਾਹਰਲੇ ਸੂਬੇ ਤੋਂ ਆਉਣ ਵਾਲੇ ਗੰਨੇ ਨੂੰ ਵੀ 310 ਰੁਪਏ ਪ੍ਰਤੀ ਕੁਇੰਟਲ ਖ਼ਰੀਦਣ ਦਾ ਕਰਾਰ ਕੀਤਾ ਗਿਆ ਸੀ। ਪ੍ਰੰਤੂ ਇਸ ਦੇ ਉਲਟ ਮਿੱਲ ਪ੍ਰਬੰਧਕਾਂ ਵੱਲੋਂ ਬਾਹਰਲੇ ਸੂਬੇ ਦੇ ਗੰਨਾ ਕਾਸ਼ਤਕਾਰਾਂ ਤੋਂ ਵੱਡੀ ਗਿਣਤੀ ’ਚ ਗੰਨਾ 330 ਤੋਂ ਲੈ ਕੇ 340 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦਿਆ ਜਾ ਰਿਹਾ ਹੈ ਅਤੇ ਸਥਾਨਕ ਗੰਨਾ ਕਾਸ਼ਤਕਾਰਾਂ ਦੇ ਗੰਨੇ ਨੂੰ ਨਹੀਂ ਖ਼ਰੀਦਿਆ ਜਾ ਰਿਹਾ , ਜਿਸ ਕਾਰਨ ਗੰਨਾ ਕਾਸ਼ਤਕਾਰਾਂ ਨੂੰ ਹੱਡ-ਚੀਰਵੀਂ ਠੰਢ ਵਿਚ ਗੰਨੇ ਨਾਲ ਲੱਦੀਆਂ ਟਰਾਲੀਆਂ ਭਰ ਕੇ ਖੰਡ ਮਿੱਲ ਦੇ ਬਾਹਰ ਉਡੀਕ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਮੰਗ ਕੀਤੀ ਕਿ ਸਥਾਨਕ ਗੰਨਾ ਕਾਸ਼ਤਕਾਰਾਂ ਦਾ ਗੰਨਾ ਖ਼ਰੀਦਣ ਨੂੰ ਪਹਿਲ ਦਿੱਤੀ ਜਾਵੇ ਅਤੇ ਗੰਨੇ ਦਾ ਭਾਅ ਵੀ ਹਰਿਆਣਾ ਦੇ ਗੰਨਾ ਕਾਸ਼ਤਕਾਰਾਂ ਦੇ ਬਰਾਬਰ ਦਿੱਤਾ ਜਾਵੇ। ਉਨਾਂ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਕਾਨੂੰਨ ਅਨੁਸਾਰ ਬਾਹਰਲੇ ਸੂਬੇ ਦੇ ਗੰਨੇ ਦੀ ਟਰਾਲੀ ਨੂੰ ਮਿੱਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅੱਜ ਦਾ ਸੰਕੇਤਕ ਧਰਨਾ ਕੁੱਝ ਸਮੇਂ ਲਈ ਲਗਾਇਆ ਗਿਆ ਹੈ, ਪ੍ਰੰਤੂ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਜਗਮੇਲ ਸਿੰਘ ਉਭਾਵਾਲ, ਭਵਨਦੀਪ ਕਹੇਰੂ, ਸੰਤ ਸਿੰਘ ਪਲਾਸੌਰ ਤੇ ਹਰਜੀਤ ਸਿੰਘ ਧਨੋਆ ਵੀ ਹਾਜ਼ਰ ਸਨ।