ਧੂਰੀ,4 ਜਨਵਰੀ (ਮਹੇਸ਼ ਜਿੰਦਲ) ਲੰਘੀ ਦੇਰ ਸ਼ਾਮ ਐੱਸ.ਡੀ.ਐਮ ਧੂਰੀ ਲਤੀਫ਼ ਅਹਿਮਦ ਵੱਲੋਂ ਸਥਾਨਕ ਖੰਡ ਮਿੱਲ ਅੰਦਰ ਪ੍ਰਬੰਧਾਂ ਦਾ ਜਾਇਜ਼ ਲੈਣ ਮੌਕੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵੱਲੋਂ ਕਨਵੀਨਰ ਹਰਜੀਤ ਸਿੰਘ ਧਨੋਆ ਦੀ ਅਗਵਾਈ ਹੇਠ ਐੱਸ.ਡੀ.ਐਮ ਧੂਰੀ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਧਨੋਆ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਵੱਲੋਂ ਇਲਾਕੇ ਤੋਂ ਬਾਹਰਲੇ ਕਿਸਾਨਾਂ ਨੂੰ ਖੰਡ ਮਿੱਲ ਵੱਲੋਂ ਤਰਜੀਹ ਦਿੱਤੇ ਜਾਣ ਬਾਰੇ ਐੱਸ.ਡੀ.ਐਮ ਧੂਰੀ ਨੂੰ ਜਾਣੂ ਕਰਵਾਇਆ ਗਿਆ। ਕਿਸਾਨਾਂ ਵੱਲੋਂ ਖੰਡ ਮਿੱਲ ਅੰਦਰ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਆਰਾਮ ਕਰਨ ਲਈ ਬਣਾਏ ਹੋਏ ਕਿਸਾਨ ਭਵਨ ਦੀ ਖਸਤਾ ਹਾਲਤ ਬਾਰੇ ਵੀ ਉਨਾਂ ਨੂੰ ਜਾਣੂ ਕਰਵਾਇਆ ਗਿਆ। ਕਿਸਾਨਾਂ ਵੱਲੋਂ ਉਨਾਂ ਨੂੰ ਜਾਣੂ ਕਰਵਾਇਆ ਗਿਆ ਕਿ ਗੰਨੇ ਦੀਆਂ ਭਰੀਆਂ ਟਰਾਲੀਆਂ ਲੈ ਕੇ ਆਉਣ ਸਮੇਂ ਖਸਤਾ ਹਾਲਤ ਸੜਕਾਂ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਸਥਾਨਕ ਬਾਗੜੀਆਂ ਰੋਡ ਦੀ ਖਸਤਾ ਹਾਲਤ ਤੋਂ ਇਲਾਵਾ ਭਲਵਾਨ ਵਾਲੀ ਖਸਤਾ ਹਾਲਤ ਸੜਕ ਦਾ ਵੀ ਮੁੜ ਨਿਰਮਾਣ ਕਰਨ ਦੀ ਵੀ ਮੰਗ ਕੀਤੀ ਗਈ। ਉਨਾਂ ਦੱਸਿਆ ਕਿ ਐੱਸ.ਡੀ.ਐਮ ਧੂਰੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਕਤ ਮੁਸ਼ਕਲਾਂ ਦੇ ਹੱਲ ਸੰਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਕਰਨਗੇ ਅਤੇ ਮੁਸ਼ਕਲਾਂ ਨੂੰ ਜਲਦ ਹੱਲ ਕਰਵਾਉਣ ਦਾ ਯਤਨ ਕਰਨਗੇ।