ਪਟਿਆਲਾ, 23 ਫਰਵਰੀ (ਪੀ ਐੱਸ ਗਰੇਵਾਲ)- ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਅੱਜ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਕੋਵਿਡ ਵੈਕਸੀਨ ਕੋਵੀਸ਼ੀਲਡ ਦਾ ਟੀਕਾ ਲਗਵਾਇਆ। ਇਸ ਮੌਕੇ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਚਾਅ ਲਈ ਬਿਨ੍ਹਾਂ ਕਿਸੇ ਝਿਜਕ ਤੋਂ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਅਿਾ ਜਾਵੇ।ਕੋਵਿਡ-19 ਵੈਕਸੀਨ ਦੇ ਟੀਕੇ ਨੂੰ ਸੁਰੱਖਿਅਤ ਦੱਸਦਿਆਂ ਸ੍ਰੀ ਗੈਂਦ ਨੇ ਕਿਹਾ ਕਿ ਮਜ਼ਬੂਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਤੇ ਕੋਵਿਡ ਤੋਂ ਬਚਾਅ ਲਈ ਇਹ ਜਰੂਰੀ ਹੈ ਕਿ ਸਾਨੂੰ ਕੋਵਿਡ ਦਾ ਟੀਕਾ ਸਮੇਂ ਸਿਰ ਲਗਵਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹ ਕਿ ਕੋਵਿਡ ਦੀ ਨਵੀਂ ਲਹਿਰ ਉਠਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਲਈ ਸਾਨੂੰ ਕੋਵਿਡ ਦਾ ਟੀਕਾ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਕੋਵਿਡ ਦਾ ਟੀਕਾ ਲਗਵਾਉਣ ਬਾਅਦ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਸ੍ਰੀ ਗੈਂਦ ਨੇ ਪ੍ਰਸ਼ਾਸਨਿਕ ਕੰਮਾਂ ਦਾ ਜਾਇਜ਼ਾ ਲਿਆ।ਸ੍ਰੀ ਗੈਂਦ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਕੇਸਾਂ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮਾਸਕ ਨਾ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਸ੍ਰੀ ਗੈਂਦ ਨੂੰ ਪਟਿਆਲਾ ਜ਼ਿਲ੍ਹ੍ਹੇ ਅੰਦਰ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਹੁਣ ਤੱਕ 8600 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ, ਜਿਨ੍ਹਾਂ 'ਚ ਸਿਹਤ ਕਾਮੇ, ਪੁਲਿਸ, ਸੁਰੱਖਿਆ ਫੋਰਸ, ਮਾਲ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਕਾਮੇ ਸ਼ਾਮਲ ਹਨ।