Punjab Infoline

ਪੰਜਾਬੀ

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ’ਚ ਵਿਦਿਆਰਥੀ ’ਤੇ ਚਾਕੂ ਨਾਲ ਹਮਲਾ, ਸੁਰੱਖਿਆ ਪ੍ਰਬੰਧਾਂ ਖ਼ਿਲਾਫ਼ ਭੜਕੇ ਵਿਦਿਆਰਥੀ

28 Oct, 2026 09:14 PM

ਪੱਖਾ ਚਲਾਉਣ ਨੂੰ ਲੈ ਕੇ ਦੋ ਰੂਮਮੇਟਸ ਵਿਚਾਲੇ ਹੋਈ ਤਕਰਾਰ; ਮੁਲਜ਼ਮ ਨਾਬਾਲਗ ਵਿਦਿਆਰਥੀ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਭੇਜਿਆ**

ਮੁਹਾਲੀ ਦੇ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਮੰਗਲਵਾਰ ਰਾਤ ਕਰੀਬ 11 ਵਜੇ ਦੋ ਰੂਮਮੇਟਸ ਵਿਚਾਲੇ ਹੋਏ ਝਗੜੇ ਦੌਰਾਨ ਚਾਕੂਬਾਜ਼ੀ ਦੀ ਘਟਨਾ ਵਾਪਰੀ। ਇਸ ਵਿੱਚ ਬਾਇਓਟੈਕਨਾਲੋਜੀ ਦੇ ਪਹਿਲੇ ਸਾਲ ਦਾ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਕਮਰੇ ਵਿੱਚ ਰਹਿਣ ਵਾਲੇ ਬੀ.ਕਾਮ ਪਹਿਲੇ ਸਾਲ ਦੇ ਵਿਦਿਆਰਥੀ ’ਤੇ ਚਾਕੂ ਨਾਲ ਹਮਲਾ ਕਰਨ ਦਾ ਦੋਸ਼ ਹੈ। ਘਟਨਾ ਤੋਂ ਬਾਅਦ ਵਿਦਿਆਰਥੀਆਂ ਨੇ ਕੈਂਪਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉਠਾਉਂਦਿਆਂ ਪ੍ਰਦਰਸ਼ਨ ਕੀਤਾ।

ਪੱਖਾ ਚਲਾਉਣ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ

ਜਾਣਕਾਰੀ ਅਨੁਸਾਰ ਦੋਵਾਂ ਵਿਦਿਆਰਥੀਆਂ ਵਿਚਾਲੇ ਕਮਰੇ ਵਿੱਚ ਪੱਖਾ ਚਲਾਉਣ ਨੂੰ ਲੈ ਕੇ ਤਕਰਾਰ ਸ਼ੁਰੂ ਹੋਈ ਸੀ। ਇੱਕ ਵਿਦਿਆਰਥੀ ਪੱਖਾ ਚਲਾਉਣਾ ਚਾਹੁੰਦਾ ਸੀ, ਜਦਕਿ ਦੂਜਾ ਇਸ ਦਾ ਵਿਰੋਧ ਕਰ ਰਿਹਾ ਸੀ। ਦੇਖਦੇ ਹੀ ਦੇਖਦੇ ਬਹਿਸ ਹੱਥੋਪਾਈ ਵਿੱਚ ਬਦਲ ਗਈ ਅਤੇ ਮੁਲਜ਼ਮ ਵਿਦਿਆਰਥੀ ਨੇ ਕਥਿਤ ਤੌਰ ’ਤੇ ਆਪਣੇ ਸਾਥੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਜ਼ਖ਼ਮੀ ਵਿਦਿਆਰਥੀ ਨੂੰ ਤੁਰੰਤ ਖਰੜ ਦੇ ਸਬ-ਡਿਵੀਜ਼ਨਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਲਾਇਆ ਧਰਨਾ

ਘਟਨਾ ਦੀ ਖ਼ਬਰ ਫੈਲਦਿਆਂ ਹੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਗੇਟ ’ਤੇ ਧਰਨਾ ਲਾ ਦਿੱਤਾ। ਮਾਹੌਲ ਤਣਾਅਪੂਰਨ ਹੁੰਦਾ ਦੇਖ ਪੁਲੀਸ ਨੇ ਭਾਰੀ ਫੋਰਸ ਤਾਇਨਾਤ ਕੀਤੀ।

ਘੜੂੰਆਂ ਥਾਣੇ ਦੇ ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਦੇ 15 ਮਿੰਟਾਂ ਦੇ ਅੰਦਰ ਤਿੰਨ ਐੱਸ.ਪੀਜ਼, ਦੋ ਡੀ.ਐੱਸ.ਪੀਜ਼ ਅਤੇ 10 ਤੋਂ 11 ਐੱਸ.ਐੱਚ.ਓਜ਼ ਦੀ ਅਗਵਾਈ ਹੇਠ ਪੁਲੀਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਸਨ। ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਰਾਤ ਕਰੀਬ 1:30 ਵਜੇ ਵਿਦਿਆਰਥੀ ਆਪਣੇ ਹੋਸਟਲਾਂ ਵਿੱਚ ਵਾਪਸ ਪਰਤ ਗਏ।

ਨਾਬਾਲਗ ਮੁਲਜ਼ਮ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਭੇਜਿਆ

ਡੀ.ਐੱਸ.ਪੀ. ਖਰੜ ਈਸ਼ਾਨ ਸਿੰਗਲਾ ਨੇ ਦੱਸਿਆ ਕਿ ਮਾਮਲੇ ਨਾਲ ਸਬੰਧਤ ਦੋਵੇਂ ਵਿਦਿਆਰਥੀ ਨਾਬਾਲਗ ਹਨ। ਹਮਲਾ ਕਰਨ ਦੇ ਦੋਸ਼ ਹੇਠ ਨਾਬਾਲਗ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਕੇ ਹੁਸ਼ਿਆਰਪੁਰ ਸਥਿਤ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਮੁਤਾਬਕ ਕੈਂਪਸ ਵਿੱਚ ਹੁਣ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ ਅਤੇ ਜਮਾਤਾਂ ਆਮ ਵਾਂਗ ਲੱਗੀਆਂ। ਪੁਲੀਸ ਵੱਲੋਂ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ ਲਈ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

Latest News