Punjab Infoline

ਪੰਜਾਬੀ

ਸ੍ਰੀ ਅਨੰਦਪੁਰ ਸਾਹਿਬ ਮਾਮਲਾ: ਜਾਂਚ ਰਿਪੋਰਟ ਦੇ ਤੱਥ ਐਡਵੋਕੇਟ ਧਾਮੀ ਨੇ ਕੀਤੇ ਜਨਤਕ

06 Oct, 2026 10:32 PM

ਸ੍ਰੀ ਅਨੰਦਪੁਰ ਸਾਹਿਬ ਮਾਮਲੇ ਸਬੰਧੀ ਜਾਂਚ ਰਿਪੋਰਟ ਦੇ ਤੱਥ ਐਡਵੋਕੇਟ ਧਾਮੀ ਨੇ ਕੀਤੇ ਜਨਤਕ

ਅੰਮ੍ਰਿਤਸਰ, 6 ਅਕਤੂਬਰ: ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਚਾਰ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ। ਰਿਪੋਰਟ ਵਿਚ ਗੁਰਦੁਆਰਾ ਪ੍ਰਬੰਧ ਨਾਲ ਸਬੰਧਤ ਰਿਕਾਰਡ, ਸਰਾਵਾਂ ਦੇ ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ ’ਤੇ ਸਾਹਮਣੇ ਆਏ ਤੱਥਾਂ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਸਾਂਝਾ ਕੀਤਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਦੀ ਜਾਂਚ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਬ-ਕਮੇਟੀ ਬਣਾਕੇ ਵਿਭਾਗੀ ਜਾਂਚ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਸਿਆਸੀ ਟਰਾਇਲ ਚਲਾਉਣਾ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਰਾਵਾਂ ਦੇ ਰਿਕਾਰਡਾਂ ਦੀ ਘੋਖ ਕੀਤੀ ਗਈ, ਜਿਸ ਅਨੁਸਾਰ ਸਬੰਧਤ ਬੀਬੀ ਵੱਲੋਂ ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਵਿਚ ਰਹਿਣ ਸਬੰਧੀ ਇੰਦਰਾਜ ਮੌਜੂਦ ਹਨ। ਰਿਕਾਰਡ ਅਨੁਸਾਰ ਕਮਰਾ ਲੈਣ ਸਮੇਂ ਬਣਦੀ ਭੇਟਾ ਜਮ੍ਹਾਂ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਹ ਦਾਅਵਾ ਗਲਤ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਬੀ ਨੂੰ ਸਰਾਵਾਂ ਵਿਚ ਬਿਨਾਂ ਪੈਸੇ ਦੇ ਕਮਰਾ ਅਤੇ ਗੱਡੀ ਦੀ ਸਹੂਲਤ ਦਿੱਤੀ ਗਈ।

ਐਡਵੋਕੇਟ ਧਾਮੀ ਨੇ ਕਿਹਾ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਸਰਾਵਾਂ ਦੇ ਇੰਚਾਰਜ ਅਮਰੀਕ ਸਿੰਘ ਵੱਲੋਂ ਰਜਿਸਟਰ ਵਿਚ ਰਿਕਾਰਡ ਨਾਲ ਛੇੜਛਾੜ ਕਰਕੇ ਬਾਅਦ ਵਿਚ ਅਲੱਗ ਇੰਦਰਾਜ ਸ਼ਾਮਲ ਕੀਤੇ ਗਏ। ਸਬੰਧਤ ਰਜਿਸਟਰ ਵਿਚ ਅਜਿਹਾ ਦੋ ਵਾਰ ਕੀਤਾ ਗਿਆ ਅਤੇ ਸੀਰੀਅਲ ਨੰਬਰਾਂ ਨਾਲ ਵੀ ਛੇੜਛਾੜ ਕੀਤੀ ਗਈ। ਉਨ੍ਹਾਂ ਮੀਡੀਆ ਸਾਹਮਣੇ ਸਰਾਵਾਂ ਦੇ ਰਜਿਸਟਰਾਂ ਦਾ ਰਿਕਾਰਡ ਵੀ ਪੇਸ਼ ਕੀਤਾ।

ਉਨ੍ਹਾਂ ਦੱਸਿਆ ਕਿ ਰਿਕਾਰਡ ਅਨੁਸਾਰ ਬੀਬੀ ਨੇ ਵੱਖ-ਵੱਖ ਸਮਿਆਂ ’ਤੇ ਸੱਤ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਟਾ ਦੇ ਕੇ ਕਮਰਾ ਪ੍ਰਾਪਤ ਕੀਤਾ, ਜਦਕਿ ਇਸ ਦੌਰਾਨ ਉਸ ਨਾਲ ਕਈ ਮੈਂਬਰ ਵੀ ਸਰਾਂ ਵਿਚ ਠਹਿਰੇ ਸਨ। ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਵਿਖੇ ਵੀ ਸੱਤ ਵਾਰ ਕਮਰਾ ਭੇਟਾ ਸਹਿਤ ਲਿਆ ਗਿਆ ਅਤੇ ਦੋ ਵਾਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਵੀ ਠਹਿਰਿਆ ਗਿਆ। ਉਨ੍ਹਾਂ ਕਿਹਾ ਕਿ ਇਹ ਇੰਦਰਾਜ ਆਮ ਸ਼ਰਧਾਲੂਆਂ ਵਾਂਗ ਹਨ, ਜਦਕਿ ਬਾਕੀ ਇੰਦਰਾਜ ਰਿਕਾਰਡ ਨਾਲ ਛੇੜਛਾੜ ਕਰਕੇ ਦਰਜ ਕੀਤੇ ਗਏ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਦੋਹਾਂ ਵਿਵਾਦਿਤ ਇੰਦਰਾਜਾਂ ਦੀ ਲਿਖਾਈ ਸਬੰਧੀ ਜਾਂਚ ਰਿਪੋਰਟ ਵੀ ਲਈ ਜਾਵੇਗੀ ਅਤੇ ਇਸ ਮਾਮਲੇ ਵਿਚ ਸ਼ਾਮਲ ਦੋਸ਼ੀਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਕ ਲੱਖ ਰੁਪਏ ਦੀ ਸਹਾਇਤਾ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਂ-ਸਮੇਂ ’ਤੇ ਲੋੜਵੰਦਾਂ ਨੂੰ ਧਰਮ ਅਰਥ ਫੰਡ ਵਿਚੋਂ ਸਹਾਇਤਾ ਦਿੰਦੀ ਹੈ। ਬੀਬੀ ਵੱਲੋਂ ਆਪਣੀ ਬਿਮਾਰੀ ਦੇ ਇਲਾਜ ਲਈ ਦਿੱਤੀ ਅਰਜ਼ੀ ਅਤੇ ਮੈਡੀਕਲ ਦਸਤਾਵੇਜ਼ਾਂ ਦੇ ਆਧਾਰ ’ਤੇ ਅੰਤ੍ਰਿੰਗ ਕਮੇਟੀ ਨੇ ਇਹ ਸਹਾਇਤਾ ਰਾਸ਼ੀ ਪ੍ਰਵਾਨ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਧਰਮ ਅਰਥ ਫੰਡ ਵਿਚੋਂ ਦਿੱਤੀ ਗਈ ਸੀ ਅਤੇ ਅਜਿਹੀਆਂ ਸਹਾਇਤਾਵਾਂ ਲੋੜਵੰਦਾਂ ਨੂੰ ਅਕਸਰ ਦਿੱਤੀਆਂ ਜਾਂਦੀਆਂ ਹਨ।

ਐਡਵੋਕੇਟ ਧਾਮੀ ਨੇ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਚੱਲ ਰਹੀ ਪੁਲਿਸ ਜਾਂਚ ਦੌਰਾਨ ਕਿਸ ਹੈਸੀਅਤ ਵਿੱਚ ਬੀਬੀ ਦੇ ਫੋਨ ਦਾ ਰਿਕਾਰਡ ਜਨਤਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿੱਖ ਸੰਸਥਾ ਨੂੰ ਜਾਣਬੁੱਝ ਕੇ ਨਿਸ਼ਾਨੇ ’ਤੇ ਲੈਣ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਬਲਤੇਜ ਪੰਨੂ ਵੱਲੋਂ ਲਗਾਏ ਗਏ ਉਸ ਦੋਸ਼ ਨੂੰ ਵੀ ਨਕਾਰਿਆ ਕਿ ਬੀਬੀ ਸ੍ਰੀ ਅਨੰਦਪੁਰ ਸਾਹਿਬ ਰਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲੀ ਸੀ ਅਤੇ ਇਸ ਬਾਰੇ ਉਨ੍ਹਾਂ ਅਮਰਜੀਤ ਸਿੰਘ ਚਾਵਲਾ ਨੂੰ ਕਿਹਾ ਸੀ। ਐਡਵੋਕੇਟ ਧਾਮੀ ਨੇ ਇਸ ਦਾਅਵੇ ਨੂੰ ਗਲਤ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਬਹੁਤ ਸੰਜੀਦਾ ਮਾਮਲਾ ਹੈ ਅਤੇ ਹਰ ਸੱਚ ਦਾ ਸੰਗਤਾਂ ਸਾਹਮਣੇ ਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਠੋਸ ਸਬੂਤਾਂ ਦੇ ਕਿਸੇ ਦੀ ਕਿਰਦਾਰਕੁਸ਼ੀ ਕਰਨੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਥਕ ਸੰਸਥਾ ਹੈ ਅਤੇ ਕਿਸੇ ਵਿਅਕਤੀ ਦੀਆਂ ਕਮੀਆਂ ਜਾਂ ਗਲਤੀਆਂ ਦੇ ਆਧਾਰ ’ਤੇ ਪੂਰੀ ਸੰਸਥਾ ਨੂੰ ਨਿਸ਼ਾਨਾ ਬਣਾਉਣਾ ਸਿੱਖ ਕੌਮ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਵੇ, ਇਸ ਲਈ ਉਨ੍ਹਾਂ ਵੱਲੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ ਅਤੇ ਉਹ ਇਸ ਮੰਗ ਨੂੰ ਮੁੜ ਦੁਹਰਾਉਂਦੇ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਸ. ਅਜਮੇਰ ਸਿੰਘ ਖੇੜਾ, ਸ. ਜਗਸੀਰ ਸਿੰਘ ਮਾਂਗੇਆਣਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਇੰਜੀ: ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਸ. ਪ੍ਰੀਤਪਾਲ ਸਿੰਘ, ਸ. ਤੇਜਿੰਦਰ ਸਿੰਘ ਪੱਡਾ, ਸ. ਬਿਜੈ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਮੀਤ ਸਕੱਤਰ ਸ. ਗੁਰਨਾਮ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸ. ਸਤਨਾਮ ਸਿੰਘ ਰਿਆੜ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ ਅਤੇ ਹੋਰ ਹਾਜ਼ਰ ਸਨ।

ਪੜਤਾਲੀਆ ਕਮੇਟੀ ਦੀ ਸਿਫਾਰਸ਼ ’ਤੇ ਸਾਬਕਾ ਮੈਨੇਜਰ ਅਤੇ ਸਰਾਂ ਇੰਚਾਰਜ ਮੁਅੱਤਲ

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਵਿਚ ਪੜਤਾਲੀਆ ਕਮੇਟੀ ਦੀ ਸਿਫਾਰਸ਼ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿੰਮੇਵਾਰੀ ਵਿੱਚ ਕੁਤਾਹੀ ਕਰਨ ਦੇ ਦੋਸ਼ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਸ. ਮਲਕੀਤ ਸਿੰਘ ਅਤੇ ਰਜਿਸਟਰਾਂ ਵਿਚ ਛੇੜਛਾੜ ਕਰਕੇ ਗਲਤ ਇੰਦਰਾਜ ਦਰਜ ਕਰਨ ਦੇ ਦੋਸ਼ ਹੇਠ ਸਰਾਂ ਦੇ ਇੰਚਾਰਜ ਸ. ਅਮਰੀਕ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਾਂ ਵਿਚ ਹੈਲਪਰ ਵਜੋਂ ਡਿਊਟੀ ਨਿਭਾ ਰਹੇ ਭਾਈ ਪ੍ਰਭਜੋਤ ਸਿੰਘ ਦੀ ਤਬਦੀਲੀ ਵੀ ਕੀਤੀ ਗਈ ਹੈ। ਮਾਮਲੇ ਵਿਚ ਅੱਗੇ ਵਿਭਾਗੀ ਪੜਤਾਲ ਜਾਰੀ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

Latest News