-
ਰਚਨਾ,ਕਹਾਣੀ,ਲੇਖ
-
Fri Sep,2018
ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਵਿਚ ਹਿੰਦੀ ਦੇ ਹਰਮਨ ਪਿਆਰੇ ਸਿਰਕੱਢ ਸ਼ਾਇਰ ਸ਼੍ਰੀ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸ਼੍ਰੀ ਸਕਸੈਨਾ ਦੇ ਨਾਲ ਉਹਨਾਂ ਦੀ ਕਵਿਤਾ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਾਲੇ ਜਗਦੀਪ ਸਿੱਧੂ ਅਤੇ ਭਾਰਤੀ ਸਾਹਿਤ ਅਕਾਡਮੀ ਇਨਾਮ ਜੇਤੂ ਦਰਸ਼ਨ ਬੁੱਟਰ ਵੀ ਸ਼ਾਮਿਲ ਹੋਏ। ਸ਼੍ਰੀ ਦਰਸ਼ਨ ਬੁੱਟਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਮੰਚ ਸੰਚਾਲਨ ਕਰਦਿਆਂ ਪ੍ਰੋ. ਮਨਪ੍ਰੀਤ ਮਹਿਨਾਜ਼ ਨੇ ਪਹੁੰਚੀਆਂ ਸਾਹਿਤਕ ਹਸਤੀਆਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਸੰਦੀਪ ਸਿੰਘ ਨੇ ਰਸਮੀ ਸਵਾਗਤ ਕਰਨ ਤੋਂ ਬਾਅਦ ਬੋਲਦਿਆਂ ਕਿਹਾ ਕਿ ਅਜਿਹੀਆਂ ਸਾਹਿਤਕ ਬਾਤਾਂ, ਮੁਲਾਕਾਤਾਂ, ਵਿਚਾਰਾਂ ਤੇ ਸੁਹਜਾਤਮਕ ਸੋਚ-ਸੰਵਾਦਾਂ ਨਾਲ ਸੰਬੰਧਿਤ ਸਰਗਰਮੀਆਂ ਤੋ ਬਿਨਾਂ ਕਿਸੇ ਵਿਦਿਆਰਥੀ, ਕਿਸੇ ਵਿਅਕਤੀ ਅਤੇ ਕਿਸੇ ਸਮਾਜ ਦਾ ਗਿਆਨਮਈ ਹੋ ਸਕਣਾ ਅਸੰਭਵ ਹੈ। ਸ਼੍ਰੀ ਜਗਦੀਪ ਸਿੱਧੂ ਨੇ ਵਿਦਿਆਰਥੀਆਂ ਨੂੰ ਸ਼੍ਰੀ ਨਰੇਸ਼ ਸਕਸੈਨਾ ਦੇ ਬਹੁਪੱਖੀ ਜੀਵਨ ਅਤੇ ਸ਼ਖ਼ਸੀਅਤ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਸਕਸੈਨਾ ਸਾਹਿਬ ਨੇ ਭਾਸ਼ਾ ਤੇ ਸਿੱਖਿਆ ਦੇ ਅੰਤਰ-ਸੰਬੰਧ ਵਿਸ਼ੇ ਤੇ ਬੋਲਦਿਆਂ ਆਪਣੇ ਜੀਵਨ ਦੇ ਡੂੰਘੇ ਤਜ਼ਰਬੇ ਸਾਂਝੇ ਕੀਤੇ। ਉਹਨਾਂ ਨੇ ਜਿੱਥੇ ਆਪਣੇ ਜੀਵਨ ਦੀਆਂ ਰੋਚਕ ਯਾਦਾਂ ਸਾਂਝੀਆਂ ਕੀਤੀਆਂ, ਉੱਥੇ ਉਹਨਾਂ ਨੇ ਆਪਣੀ ਕਵਿਤਾ ਸਿਰਜਣ ਦੀ ਪ੍ਰਕਿਰਿਆ ਬਾਰੇ ਵੀ ਵਿਗਿਆਨਕ ਅਮਲੀ ਤੱਥਾਂ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਪ੍ਰਕਿਰਤੀ ਤੇ ਪਦਾਰਥ ਦੇ ਵੱਖ-ਵੱਖ ਰੂਪਾਂ ਪ੍ਰਤੀ ਖੱਟੇ ਮਿੱਠੇ ਕਾਵਿਕ ਅਨੁਭਵਾਂ ਨੂੰ ਕਵਿਤਾ ਵਿਚ ਸ਼ਾਮਿਲ ਹੋਣ ਦੇ ਵੱਖ-ਵੱਖ ਢੰਗਾਂ ਦਾ ਉਦਾਹਰਣਾਂ ਸਹਿਤ ਪ੍ਰਗਟਾਵਾ ਕਰਦਿਆਂ ਆਪਣੀਆਂ ਕੁਝ ਕਵਿਤਾਵਾਂ ਮਨਮੋਹਣੀ ਸ਼ੈਲੀ ਵਿਚ ਸੁਣਾਕੇ ਸਮੇਂ ਨੂੰ ਬੰਨ੍ਹ ਲਿਆ। ਸ਼੍ਰੀ ਦਰਸ਼ਨ ਬੁੱਟਰ ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਆਪਣੀਆਂ ਦੋ ਕਵਿਤਾਵਾਂ ਵੀ ਪੇਸ਼ ਕੀਤੀਆਂ। ਇਸ ਸਮਾਗਮ ਵਿਚ ਬੰਬਈ ਤੋਂ ਆਏ ਬੀਐੱਸ ਕੋਹਲੀ ਦੁਆਰਾ ਰਚਿਤ ਪੁਸਤਕ 'ਫਸਟ-ਏਡ' ਰੀਲੀਜ਼ ਕੀਤੀ ਗਈ, ਜੋ ਕਿ ਭਾਈ ਕਨੱਈਆ ਜੀ ਦੀ 300ਵੀਂ ਬਰਸੀ ਨੂੰ ਸਮਰਪਿਤ ਕੀਤੀ ਗਈ। ਪ੍ਰੋਗਰਾਮ ਵਿਚ ਪ੍ਰੋ. ਇਕਬਾਲ ਸਿੰਘ, ਪ੍ਰੋ. ਨਵ ਸੰਗੀਤ ਸਿੰਘ, ਸ਼ਾਇਰਾਂ ਨੀਤੂ ਅਰੋੜਾਂ, ਸ਼ਾਇਰ ਗੁਰਪੀਤ ਤੇ ਤਨਵੀਰ, ਡਾ. ਕੁਮਾਰ ਸੁਸ਼ੀਲ, ਡਾ. ਬਲਦੇਵ ਸਿੰਘ, ਸ. ਕੰਵਲਜੀਤ ਸਿੰਘ ਭੁੱਲਰ, ਭਾਸ਼ਾ ਵਿਗਿਆਨੀ ਡਾ. ਸੋਮੀਰਾਮ, ਪ੍ਰੋ. ਲਖਵਿੰਦਰ ਸਿੰਘ, ਪ੍ਰੋ. ਹਰਜਿੰਦਰ ਲਾਡਵਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ, ਮੁਖੀ ਅਤੇ ਪ੍ਰੋਫ਼ੈਸਰ ਸਾਹਿਬਾਨ ਹਾਜ਼ਰ ਸਨ। ਅੰਤ ਵਿਚ ਰਜਿਸਟਰਾਰ ਡਾ. ਸਵਰਨ ਸਿੰਘ ਨੇ ਪੰਜਾਬੀ ਵਿਭਾਗ ਦੇ ਇਸ ਸਾਹਿਤਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੁੱਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।